ਮੋਗਾ, 11 ਜੂਨ (ਸੁਰਿੰਦਰਪਾਲ ਸਿੰਘ)-ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਮਹਾਰਾਜ ਦੀ ਪਾਵਨ ਤਪੋ ਭੂਮੀ ਅਤੇ ਬ੍ਰਹਮਲੀਨ ਸਵਾਮੀ ਸਹਿਜ ਪ੍ਰਕਾਸ਼ ਦੀ ਕਰਮ ਭੂਮੀ ਗੀਤਾ ਭਵਨ ਵਿਚ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਤਹਿਤ ਪੁਰਸ਼ੋਤਮ ਮਾਸ ਦੇ ਸ਼ੁੱਭ ਅਵਸਰ 'ਤੇ ਕਰਵਾਏ ਜਾ ਰਹੇ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਚੌਥੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਉਮੜੀ | ਕਥਾ ਸਥਾਨ ਭਗਵਾਨ ਸ੍ਰੀ ਹਰੀ ਦੇ ਜੈਕਾਰਿਆਂ, ਭਜਨ ਕੀਰਤਨ ਅਤੇ ਵੈਦਿਕ ਮੰਤਰ ਉਚਾਰਨ ਨਾਲ ਗੂੰਜਦਾ ਰਿਹਾ | ਸਮਾਗਮ ਵਿਚ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂਮੰਤਰੀ ਅੰਸ਼ੁਲ ਸ਼੍ਰੀਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉਪ ਪ੍ਰਧਾਨ ਰਵਿੰਦਰ ਸੂਦ, ਉਪ ਪ੍ਰਧਾਨ ਭਾਰਤ ਅਗਰਵਾਲ, ਖ਼ਜ਼ਾਨਚੀ ਯੋਗੇਸ਼ ਗਰਗ ਅਤੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ | ਇਸ ਮੌਕੇ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਕੇਵਲ ਧਾਰਮਿਕ ਅਨੁਸ਼ਠਾਨ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਸੱਚ, ਸੇਵਾ, ਸੰਸਕਾਰ ਅਤੇ ਭਗਤੀ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦੇਣ ਵਾਲਾ ਦਿਵਿਆ ਗਿਆਨ ਯੱਗ ਹੈ | ਕਥਾ ਵਿਆਸ ਆਚਾਰੀਆ ਪੰਡਤ ਸਤਿ ਨਰਾਇਣ ਨੇ ਚੌਥੇ ਦਿਨ ਸ਼ਰਧਾਲੂਆਂ ਨੂੰ ਧਰੁਵ ਚਰਿੱਤਰ ਦਾ ਮਾਰਮਿਕ ਅਤੇ ਪ੍ਰੇਰਨਾਦਾਇਕ ਪ੍ਰਸੰਗ ਸੁਣਾਇਆ | ਉਨ੍ਹਾਂ ਦੱਸਿਆ ਕਿ ਜਦੋਂ ਬਾਲਕ ਧਰੁਵ ਨੂੰ ਰਾਜ ਮਹਿਲ ਵਿਚ ਅਪਮਾਨ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਨੇ ਨਿਰਾਸ਼ ਹੋਣ ਦੀ ਬਜਾਏ ਭਗਵਾਨ ਦੀ ਸ਼ਰਨ ਗ੍ਰਹਿਣ ਕੀਤੀ | ਕੇਵਲ ਪੰਜ ਸਾਲ ਦੀ ਉਮਰ ਵਿਚ ਧਰੁਵ ਨੇ ਅਟੁੱਟ ਸ਼ਰਧਾ, ਦਿ੍ੜ੍ਹ ਨਿਸ਼ਚੇ ਅਤੇ ਕਠੋਰ ਤਪੱਸਿਆ ਦੇ ਬਲ 'ਤੇ ਭਗਵਾਨ ਸ੍ਰੀ ਹਰੀ ਨੂੰ ਪ੍ਰਸੰਨ ਕਰ ਲਿਆ | ਭਗਵਾਨ ਮਨੁੱਖ ਦੀ ਉਮਰ, ਧਨ, ਅਹੁਦਾ ਜਾਂ ਪ੍ਰਤਿਸ਼ਠਾ ਨਹੀਂ ਦੇਖਦੇ, ਸਗੋਂ ਭਗਤ ਦੇ ਹਿਰਦੇ ਦੀ ਸੱਚੀ ਭਾਵਨਾ ਅਤੇ ਭਗਤੀ ਨੂੰ ਸਵੀਕਾਰ ਕਰਦੇ ਹਨ | ਅਜਿਹੇ ਸਮੇਂ ਵਿਚ ਸ੍ਰੀਮਦ ਭਾਗਵਤ ਕਥਾ ਮਨੁੱਖ ਨੂੰ ਆਤਮਿਕ ਸ਼ਾਂਤੀ, ਸੰਤੋਖ ਅਤੇ ਜੀਵਨ ਜਿਊਣ ਦੀ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ | ਅੰਤ ਵਿਚ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਅਤੇ ਹੋਰ ਅਹੁਦੇਦਾਰਾਂ ਨੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਕਥਾ ਵਿਚ ਨਿਯਮਿਤ ਤੌਰ 'ਤੇ ਸ਼ਾਮਿਲ ਹੋਣ |