ਕੜਾਕੇ ਦੀ ਠੰਢ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਸਮੇਤ
ਵੱਖ-ਵੱਖ ਗੁਰੂ ਘਰਾਂ 'ਚ ਨਤਮਸਤਕ ਹੋਏ ਲੱਖਾਂ ਸ਼ਰਧਾਲੂ
ਅੰਮਿ੍ਤਸਰ, 1 ਜਨਵਰੀ (ਜਸਵੰਤ ਸਿੰਘ ਜੱਸ)-ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਪੁੱਜੇ ਸ਼ਰਧਾਲੂਆਂ ਵਲੋਂ ਗੁਰੂ ਨਗਰੀ 'ਚ ਪੈ ਰਹੀ ਕੜਾਕੇ ਦੀ ਸਰਦੀ, ਹਲਕੀ ਬੁੂੰਦਾ ਬਾਂਦੀ ਤੇ ਹੋਏ ਝੜ ਦੇ ਮੌਸਮ ਦੀ ਪ੍ਰਵਾਹ ਕੀਤੇ ਬਿਨਾਂ ਬੀਤੀ ਰਾਤ ਅਤੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਸਾਲ 2026 ਦਾ ਸਵਾਗਤ ਵਾਹਿਗੁਰੂ ਦਾ ਸਿਮਰਨ ਕਰਦਿਆਂ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਖ਼ਾਲਸਾਈ ਜੈਕਾਰੇ ਬੁਲਾ ਕੇ ਕੀਤਾ ਗਿਆ | ਸ਼ਰਧਾਲੂ ਬੀਤੇ ਦਿਨ ਦੀ ਸਵੇਰ ਤੋਂ ਹੀ ਨਵਾਂ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਅਤੇ ਇਸ ਵਰੇ੍ਹ ਦੌਰਾਨ ਪਰਿਵਾਰਕ ਸੁੱਖ ਸ਼ਾਂਤੀ, ਸਰਬੱਤ ਦੇ ਭਲੇ ਅਤੇ ਪੰਥ, ਪੰਜਾਬ ਤੇ ਦੇਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਕੇ ਮਨਾਉਣ ਲਈ ਪਰਿਵਾਰਾਂ ਸਮੇਤ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਅੱਧੀ ਰਾਤ 12 ਵਜੇ ਤੱਕ ਇਹ ਗਿਣਤੀ ਲੱਖਾਂ ਵਿਚ ਪੁੱਜ ਗਈ | ਜਾਣਕਾਰੀ ਅਨੁਸਾਰ ਬੀਤੀ ਸ਼ਾਮ ਤੋਂ ਲੈ ਕੇ ਅੱਜ ਦੇਰ ਸ਼ਾਮ ਤੱਕ ਛੇ ਲੱਖ ਤੋਂ ਵੱਧ ਸ਼ਰਧਾਲੂ ਨਵਾਂ ਸਾਲ ਗੁਰੂ ਘਰ ਵਿਖੇ ਮਨਾਉਣ ਲਈ ਪੁੱਜ ਚੁੱਕੇ ਸਨ | ਜਿਉਂ ਹੀ ਘੜੀਆਂ ਨੇ ਅੱਧੀ ਰਾਤ ਦੇ 12 ਵਜਾਏ ਅਤੇ ਸਾਲ 2026 ਨੇ ਦਸਤਕ ਦਿੱਤੀ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਇਸ ਪਲ ਦੀ ਉਡੀਕ ਕਰ ਰਹੇ ਲੱਖਾਂ ਸ਼ਰਧਾਲੂੁਆਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾ ਕੇ ਅਤੇ ਵਾਹਿਗੁਰੂ ਸਿਮਰਨ ਦਾ ਜਾਪ ਕਰਦਿਆਂ ਨਵੇਂ ਵਰ੍ਹੇ ਦਾ ਸਵਾਗਤ ਕੀਤਾ | ਪਰਿਕਰਮਾ ਵਿਚ ਹਰ ਪਾਸੇ ਸੰਗਤਾਂ ਦਾ ਸੈਲਾਬ ਨਜ਼ਰ ਆ ਰਿਹਾ ਸੀ | ਸ਼ਰਧਾਲੂਆਂ ਵਲੋਂ ਨਵੇਂ ਵਰੇ੍ਹ ਦੀ ਆਮਦ ਮੌਕੇ ਸਰੋਵਰ ਵਿਚ ਇਸ਼ਨਾਨ ਕਰਕੇ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ | ਅੰਮਿ੍ਤ ਵੇਲੇ ਦਰਸ਼ਨੀ ਡਿਉੜੀ ਦੇ ਕਿਵਾੜ੍ਹ ਖੁੱਲ੍ਹਣ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪਰਿਕਰਮਾਂ ਵਿਚ ਬੇਰ ਬਾਬਾ ਬੁੱਢਾ ਸਾਹਿਬ ਤੱਕ ਸ਼ਰਧਾਲੂਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ 'ਅਜੀਤ' ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਨਵੇਂ ਵਰੇ੍ਹ ਮੌਕੇ ਅੰਦਾਜਨ 24 ਘੰਟਿਆਂ ਦੌਰਾਨ 8 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨ ਇਸ਼ਨਾਨ ਲਈ ਪੁੱਜੇ ਹਨ ਤੇ ਅਜੇ ਵੀ ਸੰਗਤਾਂ ਦੀ ਆਮਦ ਜਾਰੀ ਹੈ | ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਵਲੋਂ ਸੰਗਤਾਂ ਦੀ ਸੁਵਿਧਾ ਲਈ ਸਟਾਫ਼ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਗੁਰੂ ਕੇ ਲੰਗਰਾਂ ਅਤੇ ਸਰਾਵਾਂ ਵਿਚ ਰਿਹਾਇਸ਼ ਤੇ ਗਰਮ ਬਿਸਤਰਿਆਂ ਆਦਿ ਦੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਗੁਰੂ ਕੇ ਲੰਗਰਾਂ ਵਿਚ ਬੰਦ ਕੀਤੇ ਮਿੱਠੇ ਪਕਵਾਨ ਅੱਜ ਤੋਂ ਮੁੜ ਵਰਤਾਉਣੇ ਸ਼ੁਰੂ ਕਰ ਦਿੱਤੇ ਗਏ ਹਨ | ਜ਼ਿਕਰਯੋਗ ਹੈ ਕਿ ਵਿਰਾਸਤੀ ਮਾਰਗ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਆਸਪਾਸ ਦੇ ਬਾਜ਼ਾਰਾਂ ਵਿਚ ਹਰ ਪਾਸੇ ਸੰਗਤਾਂ ਦਾ ਸੈਲਾਬ ਨਜ਼ਰ ਆ ਰਿਹਾ ਸੀ | ਸ਼ਰਧਾਲੂਆਂ ਦੀ ਵੱਡੀ ਆਮਦ ਕਾਰਨ ਉਨ੍ਹਾਂ ਨੂੰ ਆਪਣੇ ਵਾਹਨ ਪਾਰਕ ਕਰਨ 'ਚ ਵੀ ਪ੍ਰੇਸ਼ਾਨੀਆਂ ਦਾ ਸਾਹਮਣਾਂ ਕਰਨਾ ਪਿਆ |
ਨਵੇਂ ਸਾਲ 'ਤੇ ਉਮੜਿਆ ਆਸਥਾ ਦਾ ਸੈਲਾਬ <br/>
ਅਜੀਤ ਡੈਸਕ
02-01-2026