ਅੰਮਿ੍ਤਸਰ, 1 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਇੰਸਟੀਚਿਊਟ ਫ਼ਾਰ ਕਨਫਲਿਕਟ ਐਂਡ ਸਿਕਿਓਰਿਟੀ ਸਟੱਡੀਜ਼ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2025 'ਚ ਟਕਰਾਅ ਨਾਲ ਸੰਬੰਧਿਤ ਮੌਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਬੀਤੇ ਸਾਲ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਪਾਕਿ 'ਚ ਘੱਟੋ-ਘੱਟ 3,800 ਲੋਕ ਮਾਰੇ ਗਏ | ਇਹ ਸਾਲ ਇਸ ਦਹਾਕੇ 'ਚ ਨਾਗਰਿਕਾਂ ਲਈ ਸਭ ਤੋਂ ਵੱਧ ਖ਼ੂਨੀ ਰਿਹਾ | ਉਕਤ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਅੱਤਵਾਦੀ ਹਮਲੇ ਸਾਲ 2014 ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਏ ਹਨ | ਇਸ ਦੌਰਾਨ ਆਤਮਘਾਤੀ ਬੰਬ ਧਮਾਕਿਆਂ ਅਤੇ ਛੋਟੇ ਡਰੋਨਾਂ ਦੀ ਵਰਤੋਂ ਕੀਤੇ ਜਾਣ ਵਾਲੇ ਧਮਾਕਿਆਂ 'ਚ ਵਾਧਾ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ 2025 'ਚ ਸਾਲ 2024 ਦੇ ਮੁਕਾਬਲੇ ਪਾਕਿ 'ਚ ਲਗਭਗ 70 ਫ਼ੀਸਦੀ ਵੱਧ ਲੋਕ ਮਾਰੇ ਗਏ | ਪ੍ਰਾਪਤ ਅੰਕੜਿਆਂ ਮੁਤਾਬਿਕ ਸਾਲ 2024 'ਚ ਜ਼ਿਆਦਾਤਰ ਮੌਤਾਂ ਕੱਟੜਪੰਥੀ ਹਮਲਿਆਂ ਦੌਰਾਨ ਹੋਈਆਂ ਸਨ | ਉਸ ਸਾਲ 754 ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ ਲਗਭਗ 900 ਕੱਟੜਪੰਥੀ ਹਮਲਿਆਂ ਜਾਂ ਅੱਤਵਾਦ ਵਿਰੋਧੀ ਕਾਰਵਾਈਆਂ 'ਚ ਮਾਰੇ ਗਏ | ਜਦੋਂਕਿ 2025 'ਚ ਸਾਰੀਆਂ ਮੌਤਾਂ 'ਚੋਂ ਅੱਧ ਤੋਂ ਵੱਧ ਸੁਰੱਖਿਆ ਕਾਰਵਾਈਆਂ ਦੌਰਾਨ ਹੋਈਆਂ | ਅੰਕੜੇ ਦਰਸਾਉਂਦੇ ਹਨ ਕਿ ਇਸ ਸਮੇਂ ਦੌਰਾਨ 2,000 ਤੋਂ ਵੱਧ ਕੱਟੜਪੰਥੀ ਅਤੇ 600 ਤੋਂ ਵੱਧ ਆਮ ਨਾਗਰਿਕ ਮਾਰੇ ਗਏ | ਇਸ ਦੌਰਾਨ ਮਾਰੇ ਗਏ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ 1,200 ਤੋਂ ਘੱਟ ਰਹੀ |