23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਰੂਸ-ਯੁਕਰੇਨ ਜੰਗ 'ਚ ਫਸੇ ਸੈਂਕੜੇ ਭਾਰਤੀਆਂ ਵਿਚ ਕੁਝ ਪੰਜਾਬੀ ਵੀ <br/>

Ad Position 21
No active advertisement
ਅਜੀਤ ਡੈਸਕ 03-01-2026

ਹਰਜਿੰਦਰ ਸਿੰਘ ਲਾਲ
ਖੰਨਾ, 2 ਜਨਵਰੀ-ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਰੂਸ-ਯੁਕਰੇਨ ਜੰਗ ਦਾ ਦੂਰ-ਦੂਰ ਤੱਕ ਪ੍ਰਭਾਵ ਪੈ ਰਿਹਾ ਹੈ | ਕੁਝ ਭਾਰਤੀ ਨੌਜਵਾਨ ਨੌਕਰੀ ਅਤੇ ਬਿਹਤਰ ਜੀਵਨ ਦੇ ਸੁਪਨੇ ਲੈ ਕੇ ਰੂਸ ਪਹੁੰਚ ਰਹੇ ਹਨ ਪਰ ਉੱਥੇ ਉਨ੍ਹਾਂ ਨੂੰ ਧੋਖੇ ਨਾਲ ਰੂਸੀ ਫ਼ੌਜ ਵਿਚ ਭਰਤੀ ਕੀਤਾ ਜਾ ਰਿਹਾ ਹੈ | ਅਧਿਕਾਰਤ ਅੰਕੜਿਆਂ ਅਨੁਸਾਰ ਸਾਲ 2022 ਤੋਂ ਲੈ ਕੇ ਹੁਣ ਤੱਕ 202 ਭਾਰਤੀ ਰੂਸੀ ਫ਼ੌਜ ਵਿਚ ਭਰਤੀ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 26 ਮਾਰੇ ਗਏ ਅਤੇ 7 ਗੁੰਮ ਹਨ ਪਰ ਗੈਰ-ਅਧਿਕਾਰਤ ਰਿਪੋਰਟਾਂ ਵਿੱਚ ਇਹ ਅੰਕੜਾ ਜ਼ਿਆਦਾ ਦੱਸਿਆ ਜਾ ਰਿਹਾ ਹੈ | ਗੌਰਤਲਬ ਹੈ ਕਿ ਆਮ ਤੌਰ 'ਤੇ ਭਾਰਤੀ ਨੌਜਵਾਨ ਰੂਸ ਵਿਚ ਨੌਕਰੀ ਜਾਂ ਪੜ੍ਹਾਈ ਲਈ ਜਾਂਦੇ ਹਨ, ਫ਼ੌਜ ਵਿਚ ਭਰਤੀ ਹੋਣ ਲਈ ਨਹੀਂ ਪਰ ਏਜੰਟ ਉਨ੍ਹਾਂ ਨੂੰ ਲਾਲਚ ਦੇ ਕੇ ਫ਼ੌਜ ਵਿਚ ਧੱਕ ਦਿੰਦੇ ਹਨ | ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਅਜੇ ਵੀ ਲਗਪਗ 50 ਭਾਰਤੀ ਰੂਸੀ ਫ਼ੌਜ ਵਿਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਰੂਸ ਨਾਲ ਗੱਲਬਾਤ ਜਾਰੀ ਹੈ | 'ਟਾਈਮਜ਼ ਆਫ਼ ਇੰਡੀਆ' ਦੀ ਇਕ ਰਿਪੋਰਟ ਅਨੁਸਾਰ ਪਿਛਲੇ ਦਿਨਾਂ ਵਿਚ ਪੰਜਾਬ ਤੋਂ ਇਕ ਵਿਅਕਤੀ ਜਗਦੀਪ ਕੁਮਾਰ ਨੇ ਰੂਸ ਜਾ ਕੇ ਆਪਣੇ ਭਰਾ ਦੀ ਭਾਲ ਕੀਤੀ ਅਤੇ ਦਾਅਵਾ ਕੀਤਾ ਸੀ ਕਿ ਘੱਟੋ-ਘੱਟ 10 ਭਾਰਤੀ ਮਾਰੇ ਗਏ ਹਨ, ਜਿਨ੍ਹਾਂ 'ਚੋਂ 3 ਪੰਜਾਬੀ ਸਨ | ਇੰਡੀਆ ਟੂਡੇ ਦੀ ਇਕ ਰਿਪੋਰਟ ਅਨੁਸਾਰ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸੰਸਦ ਮੈਂਬਰ ਸਾਕੇਤ ਗੋਖਲੇ ਅਤੇ ਰਣਦੀਪ ਸਿੰਘ ਸੂਰਜੇਵਾਲਾ ਦੇ ਸਵਾਲਾਂ ਦਾ ਜਵਾਬ ਵਿਚ ਕਿਹਾ ਸੀ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਫ਼ਲਸਰੂਪ 119 ਵਿਅਕਤੀਆਂ ਨੂੰ ੂ ਰਿਹਾਅ ਕਰਵਾ ਲਿਆ ਗਿਆ ਅਤੇ 50 ਹੋਰ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਹਨ | ਇਥੇ ਇਹ ਵੀ ਦੱਸਣਯੋਗ ਹੈ ਕਿ ਕੇਂਦਰ ਨੇ ਪਹਿਲਾਂ ਵੀ ਕੁਝ ਭਾਰਤੀਆਂ ਦੇ ਮਾਰੇ ਜਾਣ ਜਾਂ ਲਾਪਤਾ ਹੋਣ ਦੀ ਗੱਲ ਮੰਨੀ ਸੀ ਤੇ ਰੂਸ ਵਿਚ ਭਾਰਤੀ ਮਿ੍ਤਕਾਂ ਦੀ ਪਛਾਣ ਲਈ 18 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਡੀ. ਐਨ. ਏ. ਦੇ ਨਮੂਨੇ ਵੀ ਭੇਜੇ ਸਨ |
ਭਾਰਤੀ ਨੌਜਵਾਨਾਂ 'ਚ ਰੂਸ ਵੱਲ ਵਧਦਾ ਰੁਝਾਨ
ਜੰਗ ਤੋਂ ਬਾਅਦ ਭਾਰਤੀਆਂ ਦਾ ਰੂਸ ਵੱਲ ਪਲਾਇਨ ਵਧਿਆ ਹੈ | ਰੂਸੀ ਅਧਿਕਾਰੀਆਂ ਅਨੁਸਾਰ ਸਾਲ 2025 ਵਿਚ 71,800 ਭਾਰਤੀ ਮਜ਼ਦੂਰ ਆਏ ਹਨ | ਰੂਸ ਵਿਚ ਮਜ਼ਦੂਰਾਂ ਦੀ ਕਮੀ ਹੈ ਕਈ ਨੌਜਵਾਨ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ | ਰੂਸੀ ਮੰਤਰਾਲੇ ਅਨੁਸਾਰ ਸਾਲ 2022 ਵਿਚ 8,000, ਸਾਲ 2023 ਵਿਚ 14,000 ਅਤੇ ਸਾਲ 2024 ਵਿਚ 36,000 ਭਾਰਤੀਆਂ ਨੂੰ ਵਰਕ ਪਰਮਿਟ ਦਿੱਤੇ ਗਏ | ਦਸੰਬਰ 2025 ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ 'ਤੇ ਭਾਰਤ ਰੂਸ ਵਿਚ ਇਕ ਲੇਬਰ ਮੋਬਿਲਟੀ ਪੈਕਟ (ਕਿਰਤ ਗਤੀਸ਼ੀਲਤਾ ਸਮਝੌਤਾ) ਹੋਇਆ, ਜੋ ਰੂਸ ਵਿਚ ਸਕਿਲਡ ਭਾਰਤੀਆਂ ਨੂੰ ਨੌਕਰੀ ਦੇਣ, ਗੈਰ ਕਾਨੂੰਨੀ ਪ੍ਰਵਾਸ ਰੋਕਣ, ਕੰਮ ਕਰਨ ਦਾ ਅਧਿਕਾਰ, ਠੀਕ ਤਨਖ਼ਾਹਾਂ ਅਤੇ ਬੀਮਾ ਆਦਿ ਦੇਣ ਦੀ ਗਰੰਟੀ ਕਰੇਗਾ | ਇਸ ਵਿਚ 70 ਹਜ਼ਾਰ ਦੇ ਕਰੀਬ ਭਾਰਤੀ ਵਰਕਰਾਂ ਦੇ ਰੂਸ ਜਾਣ ਦੀ ਉਮੀਦ ਹੈ | ਆਸ ਹੈ ਕਿ ਇਸ ਤਰ੍ਹਾਂ ਰੂਸ ਗਏ ਭਾਰਤੀ ਵਰਕਰਾਂ ਨੂੰ ਰੂਸੀ ਫ਼ੌਜ ਵਿਚ ਸ਼ਾਮਿਲ ਨਹੀਂ ਕੀਤਾ ਜਾ ਸਕੇਗਾ |
ਯੁਕਰੇਨ ਵਿਚ ਭਾਰਤੀ : ਇਕ ਵੱਖਰੀ ਤਸਵੀਰ
ਇਸ ਦੇ ਉਲਟ, ਯੁਕਰੇਨ ਵਿਚ ਭਾਰਤੀਆਂ ਦੀ ਗਿਣਤੀ ਘੱਟ ਹੈ | ਜੰਗ ਤੋਂ ਪਹਿਲਾਂ ਲਗਭਗ 22,500 ਭਾਰਤੀ ਯੁਕਰੇਨ ਵਿਚ ਸਨ ਪਰ ਜ਼ਿਆਦਾਤਰ ਭਾਰਤੀਆਂ ਨੂੰ ਭਾਰਤ ਸਰਕਾਰ ਨੇ ਸੁਰੱਖਿਅਤ ਕੱਢ ਲਿਆ ਗਿਆ ਸੀ | ਗੈਰ-ਅਧਿਕਾਰਤ ਅਨੁਮਾਨਾਂ ਅਨੁਸਾਰ ਕਰੀਬ 100 ਭਾਰਤੀ ਯੁਕਰੇਨ ਦੀ ਅੰਤਰਰਾਸ਼ਟਰੀ ਫ਼ੌਜ ਵਿਚ ਵਲੰਟੀਅਰਾਂ ਵਜੋਂ ਸ਼ਾਮਿਲ ਹੋਏ, ਜਿਨ੍ਹਾਂ 'ਚੋਂ 2 ਦੇ ਮਾਰੇ ਜਾਣ ਦੀ ਖ਼ਬਰ ਹੈ |

Ad Position 22
No active advertisement
ਪਿਛਲੀ ਖ਼ਬਰ ਸਿਆਸੀ ਤੇ ਸਰਹੱਦੀ ਤਲਖ਼ੀਆਂ 'ਅਮਨ ਦਾ ਪੁਲ' ਅਤੇ 'ਮੁਹੱਬਤ ਦੀ ਰਾਹਦਾਰੀ' 'ਤੇ ਰਹੀਆਂ ਭਾਰੂ <br/> ਅਗਲੀ ਖ਼ਬਰ ਲਾਹੌਰ 'ਚ ਮਾਰਿਆ ਗਿਆ ਗੈਂਗਸਟਰ ਫੈਜ਼ਾਨ ਬਾਕਸਰ
Ad Position 24