ਗੁਰਦਾਸਪੁਰ, 2 ਜਨਵਰੀ (ਚੱਕਰਾਜਾ) -ਸੰਤ ਬਾਬਾ ਗੁਰਮੀਤ ਸਿੰਘ ਦੀ ਨਿੱਘੀ ਯਾਦ ਵਿਚ 8ਵਾਂ ਬਰਸੀ ਸਮਾਗਮ ਧੰਨ ਧੰਨ ਸੰਤ ਬਾਬਾ ਹਰੀ ਸਿੰਘ ਮੁਕੇਰੀਆਂ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਸੰਗਤਪੁਰਾ ਬਥਵਾਲਾ (ਗੁਰਦਾਸਪੁਰ) ਵਿਖੇ ਮੁੱਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਦੇ ਪ੍ਰਬੰਧਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਸੰਬੰਧ ਵਿਚ ਪਹਿਲਾਂ 31 ਦਸੰਬਰ ਅਤੇ 1 ਜਨਵਰੀ ਨੰੂ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਰੈਣ ਸਬਾਈ ਕੀਰਤਨ ਦਰਬਾਰ ਸਜਾਇਆ ਗਿਆ, ਜਿਥੇ ਰਾਗੀ ਜਥਿਆਂ ਤੇ ਕਥਾਵਾਚਕਾਂ ਵਲੋਂ ਸੰਗਤਾਂ ਨੰੂ ਗੁਰਬਾਣੀ ਕੀਰਤਨ ਨਾਲ ਜੋੜਿਆ ਗਿਆ | ਅੱਜ ਲੜੀਵਾਰ ਚੱਲੇ ਸਹਿਜ ਪਾਠ ਤੇ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਸੰਤ ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲੇ ਅਤੇ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਵਲੋਂ ਵੀ ਹਾਜ਼ਰੀ ਭਰ ਕੇ ਸੰਤ ਬਾਬਾ ਗੁਰਮੀਤ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ | ਇਨ੍ਹਾਂ ਤੋਂ ਇਲਾਵਾ ਸੰਤ ਬਾਬਾ ਤੇਜਾ ਸਿੰਘ ਖੁੱਡਾ, ਬਾਬਾ ਸਰਬਜੀਤ ਸਿੰਘ ਮਹਿੰਦੀਪੁਰ ਅਤੇ ਬਾਬਾ ਪ੍ਰੀਤਮ ਸਿੰਘ ਬੱਬੇਹਾਲੀ ਵਲੋਂ ਆਈਆਂ ਸੰਗਤਾਂ ਨੰੂ ਕਥਾ ਕੀਰਤਨ ਨਾਲ ਨਿਹਾਲ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਗੁਰਦੁਆਰਾ ਸੰਗਤਪੁਰਾ ਬਥਵਾਲਾ ਗੁਰਦਾਸਪੁਰ ਅਤੇ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਮੁਕੇਰੀਆਂ ਨੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਅਮਰਜੀਤ ਸਿੰਘ ਚਿੱਟੀ ਵਲੋਂ ਨਿਭਾਈ ਗਈ |