ਅੰਮਿ੍ਤਸਰ/ਚੰਡੀਗੜ੍ਹ, 3 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਸ਼ਾਨ)-ਪੰਜਾਬ 'ਚ ਲਗਾਤਾਰ ਵੱਧ ਰਹੀ ਠੰਢ ਅਤੇ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ | ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੰਮਿ੍ਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ 'ਚ ਸੀਤ ਲਹਿਰ ਸਮੇਤ ਸੰਘਣੀ ਧੁੰਦ ਛਾਏਗੀ, ਇਸ ਲਈ ਇਨ੍ਹਾਂ ਜ਼ਿਲਿ੍ਹਆਂ ਸੰਬੰਧੀ 4 ਤੋਂ 6 ਜਨਵਰੀ ਤੱਕ 'ਯੈਲੋ ਅਲਰਟ' ਜਾਰੀ ਰਹੇਗਾ | ਅੱਜ ਅੰਮਿ੍ਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ 'ਚ ਧੁੰਦ ਦੀ ਚਾਦਰ ਛਾਈ ਰਹੀ | ਸਨਿਚਰਵਾਰ ਨੂੰ ਫਰੀਦਕੋਟ ਪੰਜਾਬ ਦਾ ਸਭ ਤੋਂ ਠੰਢਾ ਸਥਾਨ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਬਠਿੰਡਾ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ, ਸ਼ਹੀਦ ਭਗਤ ਸਿੰਘ ਨਗਰ ਦਾ 7.4 ਡਿਗਰੀ, ਅੰਮਿ੍ਤਸਰ ਦਾ ਘੱਟੋ-ਘੱਟ ਤਾਪਮਾਨ 7.5 ਡਿਗਰੀ, ਲੁਧਿਆਣਾ 9.6 ਡਿਗਰੀ, ਪਠਾਨਕੋਟ 9.2 ਡਿਗਰੀ, ਪਟਿਆਲਾ ਦਾ ਘੱਟੋ ਘੱਟ ਤਾਪਮਾਨ 8.3 ਡਿਗਰੀ, ਗੁਰਦਾਸਪੁਰ 8.0 ਡਿਗਰੀ ਅਤੇ ਹੁਸ਼ਿਆਰਪੁਰ ਦਾ ਘੱਟੋ-ਘੱਟ ਤਾਪਮਾਨ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਲਈ ਚਿਤਾਵਨੀ ਜਾਰੀ ਕੀਤੀ ਹੈ | ਵਿਭਾਗ ਨੇ 3-6 ਜਨਵਰੀ ਤੱਕ 'ਔਰੇਂਜ ਅਲਰਟ' ਅਤੇ 7-9 ਜਨਵਰੀ ਤੱਕ 'ਯੈਲੋ ਅਲਰਟ' ਜਾਰੀ ਕਰਦੇ ਹੋਏ ਲੋਕਾਂ ਨੂੰ ਠੰਢ ਤੋਂ ਬਚਾਅ ਲਈ ਆਪਣੇ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਹੈ | ਦੂਜੇ ਪਾਸੇ 'ਜ਼ੀਰੋ ਵਿਜੀਬਿਲਟੀ' ਕਾਰਨ ਜਿਥੇ ਹਵਾਈ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ, ਉਥੇ ਅੰਮਿ੍ਤਸਰ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ 'ਤੇ ਧੁੰਦ ਕਾਰਨ ਕਈ ਉਡਾਨਾਂ ਤੇ ਰੇਲਗੱਡੀਆਂ ਦੇਰੀ ਨਾਲ ਚੱਲਣ ਅਤੇ ਕਈਆਂ ਦੇ ਰੱਦ ਹੋਣ ਦੀ ਸੂਚਨਾ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਨੇ ਸੀਤ ਲਹਿਰ ਅਤੇ ਸੰਘਣੀ ਧੁੰਦ ਪੈਣ ਦੇ ਮੱਦੇਨਜ਼ਰ ਆਵਾਜਾਈ, ਸਿਹਤ ਅਤੇ ਜਨ ਸੇਵਾਵਾਂ ਸੰਬੰਧੀ ਸੁਚੇਤ ਰਹਿਣ ਸਲਾਹ ਦਿੱਤੀ ਹੈ | ਵਿਭਾਗ ਅਨੁਸਾਰ ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਸਾਹ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ | ਖੰਘ ਅਤੇ ਦਮੇ ਕਾਰਨ ਸਾਹ ਲੈਣ 'ਚ ਤਕਲੀਫ਼ ਹੋ ਸਕਦੀ ਹੈ |
ਪੰਜਾਬ 'ਚ ਕੜਾਕੇ ਦੀ ਠੰਢ ਨੇ ਜਨਜੀਵਨ ਕੀਤਾ ਪ੍ਰਭਾਵਿਤ-'ਯੈਲੋ ਅਲਰਟ' ਜਾਰੀ <br/>
ਅਜੀਤ ਡੈਸਕ
04-01-2026