ਜਲੰਧਰ, 5 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਬੱਚੀਆਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਜਬਰ ਜਨਾਹ ਕਰਨ, ਉਨ੍ਹਾਂ ਕੋਲੋਂ ਭੀਖ ਮੰਗਵਾਉਣ, ਮਜ਼ਦੂਰੀ ਕਰਵਾਉਣ ਅਤੇ ਹੋਰ ਗਲਤ ਕੰਮ ਕਰਵਾਉਣ ਤੇ ਮਨੁੱਖੀ ਤਸਕਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਾਜੇਸ਼ ਪਾਂਡੇ ਪੁੱਤਰ ਤਿ੍ਵੇਣੀ ਵਾਸੀ ਯੂ.ਪੀ. ਹਾਲ ਵਾਸੀ ਜਲੰਧਰ ਨੂੰ ਮਰਨ ਤੱਕ ਉਮਰ ਕੈਦ ਅਤੇ ਵੱਖ-ਵੱਖ ਧਾਰਾਵਾਂ ਹੇਠ 1 ਲੱਖ 28 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ ਇਕ ਸਾਲ ਹੋਰ ਸਜ਼ਾ ਭੁਗਤਣੀ ਪਵੇਗੀ | ਇਸ ਸੰਬੰਧੀ ਏ.ਡੀ.ਏ. ਨਿਖਿਲ ਨਾਹਰ ਜੋ ਕਿ ਦੋਸ਼ੀ ਖ਼ਿਲਾਫ਼ ਅਦਾਲਤ 'ਚ ਪੇਸ਼ ਹੋਏ, ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ 20 ਫਰਵਰੀ 2025 ਨੂੰ ਥਾਣਾ 8 ਵਿਖੇ ਧਾਰਾ 127(6), 65(2), 87,139(1), 140(4), 146, 143(5), 304(2), ਬੀ.ਐਨ.ਐੱਸ ਦੀ ਧਾਰਾ 6 ਪੋਕਸੋ ਐਕਟ ਦੀ ਧਾਰਾ ਹੇਠ ਬੱਚੀਆਂ ਦੇ ਮਾਪਿਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ | ਨਾਹਰ ਨੇ ਦੱਸਿਆ ਕਿ ਦੋਸ਼ੀ ਨੇ ਪਹਿਲਾਂ ਇਕ ਨਾਬਾਲਗ ਬੱਚੀ ਨੂੰ ਅਗਵਾ ਕੀਤਾ ਤੇ ਉਸ ਨੂੰ ਲਿਜਾ ਕੇ ਕਿਤੇ ਹੋਰ ਕਿਰਾਏ 'ਤੇ ਰਹਿਣ ਲੱਗ ਪਿਆ ਤੇ ਕਪੂਰਥਲਾ ਵਿਖੇ ਦੂਜੀ ਥਾਂ ਤੋਂ ਦੋ ਹੋਰ ਬੱਚੀਆਂ ਨੂੰ ਕੰਜਕਾਂ ਲੈਣ ਦੇ ਬਹਾਨੇ ਅਗਵਾ ਕਰਕੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਤੇ ਬਾਅਦ 'ਚ ਉਨ੍ਹਾਂ ਕੋਲੋਂ ਮਜ਼ਦੂਰੀ, ਭੀਖ ਅਤੇ ਹੋਰ ਗ਼ਲਤ ਕੰਮ ਕਰਵਾਏ | ਇਨ੍ਹਾਂ ਵਿਚੋਂ ਇਕ ਬੱਚੀ ਨੇ ਕਪੂਰਥਲਾ ਵਿਖੇ ਇਕ ਗੋਲ ਗੱਪੇ ਵੇਚਣ ਵਾਲੇ ਨੂੰ ਸਾਰੀ ਗੱਲ ਦੱਸੀ ਤੇ ਨਾਲ ਹੀ ਉਸ ਦੇ ਫ਼ੋਨ ਤੋਂ ਆਪਣੇ ਪਿਤਾ ਨੂੰ ਫ਼ੋਨ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਸਾਰੀ ਗੱਲ ਪੁਲਿਸ ਨੂੰ ਦੱਸੀ ਤੇ ਦੋਸ਼ੀ ਨੂੰ ਕਾਬੂ ਕਰਕੇ ਬੱਚੀਆਂ ਦਾ ਪਤਾ ਲਗਾਇਆ ਗਿਆ | ਦੋਸ਼ੀ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਖੇ ਵੀ ਇਕ ਮਾਮਲਾ ਦਰਜ ਹੈ |