ਸਿਰਸਾ, 5 ਜਨਵਰੀ (ਭੁਪਿੰਦਰ ਪੰਨੀਵਾਲੀਆ)-ਰੋਹਤਕ ਦੀ ਸੁਨਾਰੀਆ ਜੇਲ੍ਹ 'ਚੋਂ 40 ਦਿਨ ਦੀ ਪੈਰੋਲ ਮਿਲਣ ਮਗਰੋਂ ਡੇਰਾ ਮੁਖੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸਵੇਰੇ ਡੇਰਾ ਸਿਰਸਾ ਪਹੁੰਚਿਆ | ਵੱਖ-ਵੱਖ ਕੇਸਾਂ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ 15ਵੀਂ ਵਾਰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਹੈ | ਚੇਤੇ ਰਹੇ ਕਿ ਸਾਧਵੀ ਜਬਰ ਜਨਾਹ ਮਾਮਲੇ ਵਿਚ ਡੇਰਾ ਮੁਖੀ ਨੂੰ ਅਗਸਤ 2017 ਵਿਚ ਸਜ਼ਾ ਸੁਣਾਈ ਗਈ ਸੀ | ਸਜ਼ਾ ਸੁਣਾਏ ਜਾਣ ਵਾਲੇ ਚੰਡੀਗੜ੍ਹ ਤੇ ਸਿਰਸਾ 'ਚ ਵੱਡੇ ਪੱਧਰ 'ਤੇ ਹਿੰਸਾ ਹੋਈ ਸੀ ਜਿਸ ਵਿਚ ਕਈ ਵਿਅਕਤੀਆਂ ਦੀ ਜਾਨ ਚਲੀ ਗਈ ਸੀ | ਪੈਰੋਲ ਮਿਲਣ ਮਗਰੋਂ ਡੇਰਾ ਮੁਖੀ ਹੁਣ ਦੂਜੀ ਵਾਰ ਡੇਰਾ ਸਿਰਸਾ ਆਇਆ ਹੈ | ਇਸ ਤੋਂ ਪਹਿਲਾਂ ਡੇਰਾ ਮੁਖੀ ਪੈਰੋਲ ਤੇ ਫਰਲੋ ਮਿਲਣ 'ਤੇ ਯੂ. ਪੀ. ਸਥਿਤ ਡੇਰੇ 'ਚ ਰਹਿੰਦਾ ਰਿਹਾ ਸੀ | ਡੇਰਾ ਮੁਖੀ ਨੂੰ ਪੈਰੋਲ ਮਿਲਣ 'ਤੇ ਜਿਥੇ ਡੇਰਾ ਸ਼ਰਧਾਲੂਆਂ 'ਚ ਖੁਸ਼ੀ ਹੈ ਉਥੇ ਹੀ ਪੀੜਤ ਧਿਰ ਨੇ ਵਾਰ ਵਾਰ ਡੇਰਾ ਮੁਖੀ ਨੂੰ ਪੈਰੋਲ ਮਿਲਣ 'ਤੇ ਇਤਰਾਜ਼ ਜਾਹਰ ਕੀਤਾ ਹੈ | ਦੂਜੇ ਪਾਸੇ ਡੇਰੇ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਇਕ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਨੇ ਕਾਨੂੰਨ ਮੁਤਾਬਿਕ ਪੈਰੋਲ ਦਿੱਤੀ ਹੈ |
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਡੇਰਾ ਮੁਖੀ ਸਿਰਸਾ ਡੇਰੇ ਪੁੱਜਿਆ <br/>
ਅਜੀਤ ਡੈਸਕ
06-01-2026