ਬਟਾਲਾ/ਗੁਰਦਾਸਪੁਰ 23 ਜਨਵਰੀ (ਹਰਦੇਵ ਸਿੰਘ ਸੰਧੂ/ਚੱਕਰਾਜਾ)-ਬਟਾਲਾ ਤੇ ਗੁਰਦਾਸਪੁਰ ਦੇ 8 ਸਕੂਲਾਂ ਨੂੰ ਬੰਡ ਨਾਲ ਉਡਾਉਣ ਦੀਆਂ ਮਿਲੀਆਂ ਧਮਕੀਆਂ ਨਾਲ ਸੰਬੰਧਿਤ ਸਕੂਲਾਂ ਵਿਚ ਹਫੜਾ-ਦਫੜੀ ਮਚ ਗਈ | ਇਸ ਤੋਂ ਇਲਾਵਾ ਪਠਾਟਕੋਟ ਦੇ ਇਕ ਸਕੂਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ | ਜਾਣਕਾਰੀ ਅਨੁਸਾਰ ਬਟਾਲਾ ਦੇ 4 ਸਕੂਲਾਂ ਡੀ.ਏ.ਵੀ. ਸੈਨੇਟਰੀ ਸਕੂਲ, ਐਕਸੈਲਸੀਅਰ ਸਕੂਲ ਕਾਦੀਆਂ ਰੋਡ, ਏ.ਵੀ.ਐਮ. ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਧਰਮਪੁਰਾ ਬਟਾਲਾ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ | ਇਸੇ ਤਰ੍ਹਾਂ ਗੁਰਦਾਸਪੁਰ ਦੇ ਵੀ 4 ਸਕੂਲਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲਣ ਦੀ ਖ਼ਬਰ ਹੈ | ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਈਮੇਲ 'ਤੇ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਜ਼ਿਲ੍ਹਾ ਦੇ ਸਕੂਲਾਂ ਅੰਦਰ ਛੁੱਟੀ ਕਰ ਦਿੱਤੀ ਗਈ ਹੈ ਅਤੇ ਬੱਚਿਆਂ ਨੰੂ ਘਰਾਂ ਵਿਚ ਭੇਜ ਦਿੱਤਾ ਗਿਆ ਹੈ | ਦੂਜੇ ਪਾਸੇ, ਪੁਲਿਸ ਪ੍ਰਸ਼ਾਸਨ ਅਤੇ ਖ਼ੁਫ਼ੀਆ ਵਿਭਾਗ ਵਲੋਂ ਜਿਥੇ ਮਿਲੀ ਇਸ ਧਮਕੀ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ | ਐਸ.ਐਚ.ਓ. ਬਟਾਲਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਦੇ ਸਕੂਲਾਂ ਨੂੰ ਮਿਲੀ ਧਮਕੀ ਭਰੀ ਈਮੇਲ ਤੋਂ ਬਾਅਦ ਉਚ ਪੁਲਿਸ ਅਧਿਕਾਰੀਆਂ ਵਲੋਂ ਇਨ੍ਹਾਂ ਸਕੂਲਾਂ 'ਚ ਜਾ ਕੇ ਬੰਬ ਨਿਰੋਧਕ ਦਸਤਿਆਂ ਨੂੰ ਬੁਲਾ ਕੇ ਸਕੂਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤੇ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸੁਰੱਖਿਆ ਪ੍ਰਬੰਧ ਮੁਕੰਮਲ ਕੀਤੇ ਗਏ ਹਨ | ਇਸ ਸੰਬੰਧੀ ਏ.ਵੀ.ਐਮ. ਸਕੂਲ ਦੇ ਪਿ੍ੰ. ਜਗਤਪਾਲ ਮਹਾਜਨ ਨੇ ਦੱਸਿਆ ਕਿ ਸਵੇਰੇ ਸਕੂਲ ਸਮੇਂ ਦਫ਼ਤਰੀ ਸਟਾਫ਼ ਵਲੋਂ ਸਕੂਲ ਨੂੰ ਧਮਕੀ ਭਰੀ ਆਈ ਈਮੇਲ ਦੇਖੀ ਗਈ, ਜਿਸ ਬਾਰੇ ਤੁਰੰਤ ਐਸ.ਐਸ.ਪੀ. ਬਟਾਲਾ ਤੇ ਐਸ.ਡੀ.ਐਮ. ਬਟਾਲਾ ਨੂੰ ਸੂਚਿਤ ਕੀਤਾ ਗਿਆ |
ਨਰੋਟ ਜੈਮਲ ਸਿੰਘ ਦੇ ਨਿੱਜੀ ਸਕੂਲ ਨੂੰ ਧਮਕੀ
ਨਰੋਟ ਜੈਮਲ ਸਿੰਘ (ਪਠਾਨਕੋਟ), 23 ਜਨਵਰੀ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਇਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ 'ਤੇ ਸਕੂਲ ਦੇ ਪਿ੍ੰਸੀਪਲ ਵਲੋਂ ਸੰਬੰਧਿਤ ਥਾਣਾ ਨਰੋਟ ਜੈਮਲ ਸਿੰਘ ਨੂੰ ਸੂਚਿਤ ਕੀਤਾ ਗਿਆ ਤੇ ਨਾਲ ਹੀ ਸਕੂਲ ਦੇ ਬੱਚਿਆਂ ਨੂੰ ਉਨ੍ਹਾਂ ਦੇ ਵੱਖ-ਵੱਖ ਪਿੰਡਾਂ ਵਿਚ ਸੁਰੱਖਿਅਤ ਪਹੁੰਚਾਇਆ ਗਿਆ | ਥਾਣਾ ਨਰੋਟ ਜੈਮਲ ਸਿੰਘ ਦੇ ਐਸ.ਐਚ.ਓ. ਕੁਲਦੀਪ ਰਾਜ ਆਪਣੀ ਪੁਲਿਸ ਪਾਰਟੀ ਅਤੇ ਡੀ.ਐਸ.ਪੀ. ਦਿਹਾਤੀ ਸੁਖਜਿੰਦਰ ਸਿੰਘ ਅਤੇ ਹੋਰ ਪੁਲਿਸ ਦੀਆਂ ਟੀਮਾਂ ਨਿੱਜੀ ਸਕੂਲ ਵਿਚ ਪਹੁੰਚ ਗਈਆਂ ਅਤੇ ਸਕੂਲ ਨੂੰ ਖ਼ਾਲੀ ਕਰਵਾ ਕੇ ਸਕੂਲ ਦਾ ਚੱਪਾ-ਚੱਪਾ ਖੰਘਾਲਿਆ ਗਿਆ, ਜਿਸ 'ਤੇ ਪੁਲਿਸ ਨੂੰ ਕੋਈ ਵੀ ਅਜਿਹੀ ਨੁਕਸਾਨਦਾਇਕ ਚੀਜ਼ ਨਹੀਂ ਮਿਲੀ |
ਬਟਾਲਾ ਤੇ ਗੁਰਦਾਸਪੁਰ ਦੇ 8 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਅਜੀਤ ਡੈਸਕ
24-01-2026