ਮਲੌਦ, 30 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹੋਂਦ ਚਿੱਲੜ ਉਹ ਧਰਤੀ ਜਿਥੇ 1984 ਦੇ ਕਤਲੇਆਮ ਦੌਰਾਨ 32 ਨਿਰਦੋਸ਼ ਸਿੱਖਾਂ ਨੂੰ ਬੇਰਹਿਮੀ ਨਾਲ ਕੋਹ-ਕੋਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਦੋ ਸਾਲ ਦੇ ਮਾਸੂਮ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ | ਉਸੇ ਖ਼ੂਨ ਨਾਲ ਰੰਗੀ ਧਰਤੀ 'ਤੇ 3 ਫਰਵਰੀ ਨੂੰ ਸਵੇਰੇ 10 ਵਜੇ ਸ਼ਹੀਦਾਂ ਦੀ ਯਾਦ ਵਿਚ ਗੁਰਬਾਣੀ ਦਾ ਪਾਠ ਅਤੇ ਅਰਦਾਸ ਕੀਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਪਾਇਲ ਤੋਂ ਵਿਧਾਇਕ ਤੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ 42 ਸਾਲ ਇਹ ਸਿਰਫ਼ ਸਿੱਖਾਂ ਦੇ ਕਤਲ ਨਹੀਂ ਸਨ, ਸਗੋਂ ਬਹੁਤ ਹੀ ਪੀੜਾਂ ਦੇਣ ਵਾਲਾ ਮਨੁੱਖਤਾ ਦਾ ਕਤਲ ਸੀ | ਉਨ੍ਹਾਂ ਕਿਹਾ ਕਿ 4 ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਅਦਾਲਤਾਂ ਵਲੋਂ ਸਿਰਫ਼ ਤਾਰੀਖ਼ਾਂ ਹੀ ਮਿਲ ਰਹੀਆਂ ਹਨ |