ਐੱਸ. ਏ. ਐੱਸ. ਨਗਰ, 31 ਜਨਵਰੀ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਫੇਜ਼-8 ਸਥਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਵਿਖੇ ਗੁਰੂ ਹਰਿਰਾਇ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਜਾਰੀ ਤਿੰਨ ਰੋਜ਼ਾ ਸਾਲਾਨਾ ਜੋੜ-ਮੇਲ ਦੇ ਅੰਤਿਮ ਦਿਨ ਵੱਡੀ ਗਿਣਤੀ ਸੰਗਤਾਂ ਵਲੋਂ ਹਾਜ਼ਰੀ ਲਗਵਾਈ ਗਈ | ਸਮਾਗਮ ਦੌਰਾਨ ਗਿਆਨੀ ਸੁਖਜਿੰਦਰ ਸਿੰਘ ਚੰਗਿਆੜਾ ਦੇ ਢਾਡੀ ਜਥੇ, ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਅੰਬ ਸਾਹਿਬ, ਕਥਾਵਾਚਕ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ, ਭਾਈ ਦਵਿੰਦਰ ਸਿੰਘ ਸੋਹਾਣਾ ਵਾਲਿਆਂ, ਭਾਈ ਰਵਿੰਦਰ ਸਿੰਘ ਦਿੱਲੀ ਵਾਲਿਆਂ ਤੇ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜਥੇ ਸਮੇਤ ਹੋਰ ਵੀ ਪੰਥ ਪ੍ਰਸਿੱਧ ਕੀਰਤਨ ਜਥਿਆਂ ਵਲੋਂ ਸੰਗਤਾਂ ਨੂੰ ਗੁਰ-ਇਤਿਹਾਸ ਅਤੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸਵੇਰੇ 8 ਵਜੇ ਅਖੰਡ ਪਾਠ ਦੇ ਭੋਗ ਪਾਏ ਗਏ ਸਨ | ਇਸ ਮੌਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਲੜੀ ਤਹਿਤ ਮਹਾਨ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ, ਜਿਸ ਦੌਰਾਨ 17 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ | ਇਸ ਮੌਕੇ ਗੁਰੂ ਘਰ ਦੇ ਸ਼ਰਧਾਲੂਆਂ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਵਿਚਕਾਰ ਮਿੱਠੇ ਪਕਵਾਨ, ਗੰਨੇ ਦਾ ਰਸ, ਜਲੇਬੀਆਂ, ਸੈਂਡਵਿਚ, ਫਰੂਟ ਚਾਟ, ਬਦਾਮਾਂ ਵਾਲੇ ਦੁੱਧ ਸਮੇਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ ਤੇ ਚਰਨਜੀਤ ਸਿੰਘ ਕਾਲੇਵਾਲ (ਦੋਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ), ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰਾ ਸ਼ੋ੍ਰਮਣੀ ਅਕਾਲੀ ਦਲ, ਪਰਵਿੰਦਰ ਸਿੰਘ ਸੋਹਾਣਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੁਹਾਲੀ, ਮੁਹਾਲੀ ਗੁਰਦੁਅਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਗਿਆਨੀ ਚਰਨਜੀਤ ਸਿੰਘ ਹੈੱਡ ਗ੍ਰੰਥੀ, ਅਮਰਜੀਤ ਸਿੰਘ ਬਰਾੜ ਫਲਾਇੰਗ ਅਧਿਕਾਰੀ, ਜਸਵੀਰ ਸਿੰਘ ਸੰਧੂ, ਮਲਕੀਅਤ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਸਵਿੰਦਰ ਸਿੰਘ, ਜਗਜੀਤ ਸਿੰਘ ਤੇ ਜਗਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸਾਲਾਨਾ ਜੋੜ-ਮੇਲ ਦੇ ਅੰਤਿਮ ਦਿਨ ਵੱਡੀ ਗਿਣਤੀ ਸੰਗਤਾਂ ਨੇ ਲਗਵਾਈ ਹਾਜ਼ਰੀ <br/>
ਅਜੀਤ ਡੈਸਕ
01-02-2026