ਜਲਾਲਾਬਾਦ (ਫ਼ਾਜ਼ਿਲਕਾ), 2 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਸ਼ਹਿਰ 'ਚ ਦੇਰ ਸ਼ਾਮ ਨੂੰ ਇਕ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ 'ਤੇ ਡੀ.ਜੇ. ਵਾਲੇ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਜਲਾਲਾਬਾਦ ਸ਼ਹਿਰ ਵਿਚ ਬਾਹਮਣੀ ਵਾਲਾ ਰੋਡ 'ਤੇ ਰੇਲਵੇ ਸਟੇਸ਼ਨ ਕੋਲ ਇਕ ਘਰ ਵਿਚ ਵਿਆਹ ਪ੍ਰੋਗਰਾਮ ਸੀ, ਬੀਤੇ ਕੱਲ੍ਹ ਦੇਰ ਰਾਤ ਨੂੰ ਡੋਲੀ ਲੈ ਕੇ ਘਰ ਵਾਪਸ ਆਉਣ ਉਪਰੰਤ ਸਾਰੇ ਖ਼ੁਸ਼ੀਆਂ ਮਨਾ ਰਹੇ ਸੀ | ਇਸ ਦੌਰਾਨ ਕੁੱਝ ਲੜਕਿਆਂ ਨੂੰ ਨੱਚਣ ਤੋਂ ਰੋਕਣ 'ਤੇ ਲੜਾਈ ਝਗੜਾ ਸ਼ੁਰੂ ਹੋ ਗਿਆ ਅਤੇ ਇਹ ਤਕਰਾਰ ਵੱਧ ਗਿਆ | ਇਸੇ ਦੌਰਾਨ ਕੁੱਝ ਨੌਜਵਾਨ ਆਏ, ਜਿਨ੍ਹਾਂ ਵਿਚੋਂ ਇਕ ਨੇ ਗੋਲੀ ਚਲਾ ਦਿੱਤੀ ਅਤੇ ਡੀ.ਜੇ. ਵਾਲੇ ਦੇ ਨਾਲ ਕੰਮ ਕਰਨ ਵਾਲਾ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਫ਼ਰੀਦਕੋਟ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਇਸ ਸਬੰਧ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਐਸ.ਐਸ.ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਮਿ੍ਤਕ ਦੀ ਪਛਾਣ ਕਰਮਜੀਤ ਸਿੰਘ ਵਾਸੀ ਘੁਬਾਇਆ ਵਜੋਂ ਹੋਈ ਹੈ, ਜੋ ਕਿ ਕ੍ਰਿਸ਼ਨ ਸਿੰਘ ਫਲੀਆਵਾਲਾ ਡੀ.ਜੇ. ਵਾਲਾ ਦੇ ਕੋਲ ਕੰਮ ਕਰਦਾ ਸੀ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਰਾਤ ਨੂੰ ਹੀ ਸਾਜਨ ਨਾਂਅ ਦੇ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਸੀ ਅਤੇ ਇਸ ਸਾਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ | ਉਧਰ, ਥਾਣਾ ਸਿਟੀ ਜਲਾਲਾਬਾਦ ਦੇ ਐਸ.ਐਚ.ਓ. ਅੰਗਰੇਜ਼ ਕੁਮਾਰ ਨੇ ਕਿਹਾ ਕਿ ਤਫ਼ਤੀਸ਼ ਕਰਨ ਦੇ ਬਾਅਦ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਵਿਆਹ ਸਮਾਗਮ ਦੌਰਾਨ ਨੱਚਣ ਨੂੰ ਲੈ ਕੇ ਹੋਏ ਝਗੜੇ 'ਚ ਗੋਲੀ ਚੱਲੀ <br/>
ਅਜੀਤ ਡੈਸਕ
03-02-2026