ਅੰਮਿ੍ਤਸਰ, 2 ਫ਼ਰਵਰੀ (ਜਸਵੰਤ ਸਿੰਘ ਜੱਸ)-ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਮਾਣ-ਮਰਿਆਦਾ ਖ਼ਿਲਾਫ਼ ਬਣ ਰਹੀਆਂ ਵੀਡੀਓਜ਼ ਅਤੇ ਹੋਰ ਸਮੱਗਰੀ 'ਤੇ ਰੋਕ ਲਗਾਉਣ ਲਈ ਪਿਛਲੇ ਸਮੇਂ 'ਚ ਸ਼ੋ੍ਰਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੇ ਹੋਏ ਫ਼ੈਸਲੇ ਅਨੁਸਾਰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਏ.ਆਈ. ਇੰਟਰਨੈੱਟ ਖੇਤਰ ਵਿਚ ਤਜ਼ਰਬਾ ਰੱਖਣ ਵਾਲੇ ਮਾਹਿਰਾਂ ਦੀ 7 ਮੈਂਬਰੀ ਸਬ-ਕਮੇਟੀ ਗਠਿਤ ਕੀਤੀ ਹੈ | ਉਕਤ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ 7 ਮੈਂਬਰੀ ਸਬ ਕਮੇਟੀ 'ਚ ਡਾ. ਹਰਜਿੰਦਰ ਸਿੰਘ ਸੰਧੂ ਅਮਰੀਕਾ, ਹਰਮੀਤ ਸ਼ਾਹ ਸਿੰਘ ਯੂ.ਕੇ., ਡਾ. ਸਰਬਜੋਤ ਸਿੰਘ ਯੂ.ਕੇ., ਡਾ: ਸਰਪ੍ਰੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ, ਡਾ. ਗੁਰਪਾਲ ਸਿੰਘ ਖ਼ਾਲਸਾ ਕਾਲਜ ਪਟਿਆਲਾ ਤੇ ਡਾ. ਜਗਦੀਪ ਸਿੰਘ ਮੱਲ੍ਹੀ ਅਤੇ ਡਾ. ਸਤਿੰਦਰਪਾਲ ਸਿੰਘ ਗੁਰੂ ਨਾਨਕ ਇੰਜੀਅਨਿੰਗ ਕਾਲਜ ਲੁਧਿਆਣਾ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਸਬ ਕਮੇਟੀ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਿਸਟਮ ਪ੍ਰਸ਼ਾਸਕ ਕਰਮਵੀਰ ਸਿੰਘ ਹੋਣਗੇ | ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਸਬ-ਕਮੇਟੀ ਏ. ਆਈ. ਤਕਨੀਕ ਨਾਲ ਸਿੱਖ ਧਰਮ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਪ੍ਰਚਾਰੀ ਜਾ ਰਹੀ ਸਮੱਗਰੀ ਨੂੰ ਰੋਕਣ ਲਈ ਏ. ਆਈ. ਤਕਨੀਕ ਦੀਆਂ ਪ੍ਰਮੁੱਖ ਕੰਪਨੀਆਂ ਨਾਲ ਵੀ ਰਾਬਤਾ ਬਣਾਉਣ ਲਈ ਕਾਰਜ ਕਰੇਗੀ |
ਸ਼੍ਰੋਮਣੀ ਕਮੇਟੀ ਵਲੋਂ ਏ.ਆਈ. ਤਕਨੀਕ ਦੇ ਮਾਹਿਰਾਂ ਦੀ 7 ਮੈਂਬਰੀ ਸਬ-ਕਮੇਟੀ ਗਠਿਤ <br/>
ਅਜੀਤ ਡੈਸਕ
03-02-2026