ਚੰਡੀਗੜ੍ਹ, 3 ਫਰਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਸਹਿਕਾਰੀ ਮਕਾਨ ਉਸਾਰੀ ਸਭਾਵਾਂ ਦੇ ਅਲਾਟੀਆਂ ਨੂੰ ਰਜਿਸਟਰੀਆਂ ਕਰਵਾਉਣ ਲਈ ਦਿੱਤੀ ਗਈ ਪੜ੍ਹਾਅਵਾਰ ਛੋਟ, ਜਿਸ ਵਿਚ 31 ਜਨਵਰੀ ਤੱਕ ਅਸ਼ਟਾਮ ਪੇਪਰ ਦੀ ਇਕ ਫ਼ੀਸਦੀ ਡਿਊਟੀ, ਫਰਵਰੀ ਮਹੀਨੇ ਵਿਚ 2 ਫ਼ੀਸਦੀ ਅਤੇ ਮਾਰਚ ਵਿਚ 3 ਫ਼ੀਸਦੀ ਸੀ, ਨੂੰ ਹਾਈ ਕੋਰਟ ਵਿਚ ਦਾਇਰ ਹੋਈ ਪਟੀਸ਼ਨ ਦੇ ਮੱਦੇਨਜ਼ਰ ਰਜਿਸਟਰੀਆਂ ਲਈ ਸੋਧ ਕੇ ਨਵਾਂ ਨੋਟੀਫ਼ਿਕੇਸ਼ਨ ਜਾਰੀ ਕਰਕੇ ਅਸ਼ਟਾਮ ਪੇਪਰ ਦੀ ਇਕ ਫ਼ੀਸਦੀ ਦਰ ਤੋਂ ਮੁਕੰਮਲ ਛੋਟ ਦੇ ਦਿੱਤੀ, ਜਿਸ ਨਾਲ 31 ਜਨਵਰੀ ਤੱਕ ਇਕ ਫ਼ੀਸਦੀ ਅਸ਼ਟਾਮ ਡਿਊਟੀ 'ਤੇ ਇਕ ਫ਼ੀਸਦੀ ਰਜਿਸਟਰੇਸ਼ਨ ਫੀਸ ਅਦਾ ਕਰਕੇ ਰਜਿਸਟਰੀਆਂ ਕਰਵਾ ਚੁੱਕੇ ਸੈਂਕੜੇ ਅਲਾਟੀਆਂ ਨੂੰ ਹਜ਼ਾਰਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ | ਬੀਤੀ 12 ਜਨਵਰੀ ਨੂੰ ਜਾਰੀ ਹੋਈ ਇਸ ਯੋਜਨਾ ਅਧੀਨ ਵੱਧ ਤੋਂ ਵੱਧ ਛੋਟ ਪ੍ਰਾਪਤ ਕਰਨ ਲਈ 31 ਜਨਵਰੀ ਤੋਂ ਪਹਿਲਾਂ ਰਜਿਸਟਰੀ ਕਰਵਾਉਣ ਲਈ ਸੈਂਕੜੇ ਅਲਾਟੀਆਂ ਨੇ ਹਾਊਸਫੈੱਡ ਤੇ ਸਹਿਕਾਰੀ ਅਦਾਰਿਆਂ ਵਿਚ ਦਰਖਾਸਤਾਂ ਦਿੱਤੀਆਂ ਸਨ | ਨੋਟੀਫ਼ਿਕੇਸ਼ਨ ਅਨੁਸਾਰ ਅਸਲ ਅਲਾਟੀਆਂ ਨੂੰ ਅਸ਼ਟਾਮ ਡਿਊਟੀ ਤੋਂ ਪੂਰੀ ਰਾਹਤ ਦਿੱਤੀ ਗਈ ਸੀ, ਜਦਕਿ ਗੈਰ-ਅਸਲ ਅਲਾਟੀਆਂ ਭਾਵ ਅਲਾਟਮੈਂਟ ਤਬਦੀਲ ਕਰਵਾਉਣ ਵਾਲਿਆਂ ਨੂੰ ਪੜ੍ਹਾਅਵਾਰ ਰਾਹਤ ਦਿੱਤੀ ਗਈ ਸੀ | ਬਹੁਗਿਣਤੀ ਗੈਰ-ਅਸਲ ਅਲਾਟੀਆਂ ਨੇ ਇਕ ਫ਼ੀਸਦੀ ਅਸ਼ਟਾਮ ਡਿਊਟੀ ਦਾ ਲਾਭ ਉਠਾਉਣ ਦੇ ਮੰਤਵ ਨਾਲ ਪੈਸੇ ਉਧਾਰ ਲੈ ਕੇ ਜਾਂ ਕਰਜ਼ਾ ਚੁੱਕ ਰਜਿਸਟਰੀਆਂ ਕਰਵਾਉਣ ਨੂੰ ਤਰਜੀਹ ਦਿੱਤੀ ਸੀ | ਰਜਿਸਟਰਾਰ ਮਾਲ ਵਿਭਾਗ ਕੋਲ ਰਜਿਸਟਰੀਆਂ ਲਈ ਆਨਲਾਈਨ ਸਮਾਂ (ਸਲਾਟ) ਨਾ ਮਿਲਣ ਕਾਰਨ ਅਨੇਕਾਂ ਅਲਾਟੀ ਭਾਵੇਂ ਵੱਧ ਤੋਂ ਵੱਧ ਛੋਟ ਦੇ ਆਖਰੀ ਕੰਮ ਵਾਲੇ ਦਿਨ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਰਜਿਸਟਰੀਆਂ ਨਹੀਂ ਕਰਵਾ ਸਕੇ, ਪ੍ਰੰਤੂ ਉਨ੍ਹਾਂ ਨੇ ਆਨਲਾਈਨ ਰਜਿਸਟਰੇਸ਼ਨ ਫੀਸ ਤੇ ਅਸ਼ਟਾਮ ਪੇਪਰ ਦੀ ਅਦਾਇਗੀ ਕਰਕੇ ਅਸ਼ਟਾਮ ਪੇਪਰ ਖਰੀਦ ਲਏ ਸਨ ਪਰ 2 ਫਰਵਰੀ ਨੂੰ ਨਵੇਂ ਨੋਟੀਫ਼ਿਕੇਸ਼ਨ ਨੇ ਉਨ੍ਹਾਂ ਦੀ ਰਕਮ ਵੀ ਡੋਬ ਦਿੱਤੀ ਹੈ ਅਤੇ ਉਨ੍ਹਾਂ ਵਲੋਂ ਖਰੀਦੇ ਗਏ ਅਸ਼ਟਾਮ ਪੇਪਰ ਬੇਕਾਰ ਹੋ ਗਏ ਹਨ | ਗੱਲਬਾਤ ਦੌਰਾਨ ਸੰਜੈ ਰਾਜਪਾਲ, ਰਮੇਸ਼ਪਾਲ ਸ਼ਰਮਾ, ਤਰਸੇਮ ਸਿੰਘ, ਚੰਦਰ ਸ਼ੇਖਰ, ਰਾਜੇਸ਼ ਗੁਲਾਟੀ, ਰਜਿੰਦਰ ਸਿੰਘ, ਕੰਚਨ ਲਖਾਨੀ, ਕੇ.ਕੇ. ਸ਼ਰਮਾ, ਸਰਬਜੀਤ ਕੌਰ ਸੈਣੀ, ਪ੍ਰਵੀਨ ਕੁਮਾਰੀ, ਵੀਨਾ ਰਾਣੀ, ਰੂਬੀ ਭਾਰਦਵਾਜ, ਵੀਨਾ ਭਨੋਟ, ਸੁਰਿੰਦਰ ਸਿੰਘ, ਅਸ਼ਵਨੀ ਭਾਨ, ਕਲਾ ਕੌਸ਼ਲ, ਅਮਨਦੀਪ ਕੌਰ ਆਦਿ ਅਲਾਟੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਵਲੋਂ ਅਦਾ ਕੀਤੀ ਗਈ ਇਕ ਫ਼ੀਸਦੀ ਅਸ਼ਟਾਮ ਡਿਊਟੀ ਵਾਪਸ ਕੀਤੀ ਜਾਵੇ |