08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਦੂਜੀਆਂ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਭਾਜਪਾ ਵੀ ਡੇਰਾ ਵੋਟ ਹਾਸਲ ਕਰਨ ਲਈ ਹੋਈ ਪੱਬਾ ਭਾਰ

Ad Position 21
No active advertisement
ਅਜੀਤ ਡੈਸਕ 04-02-2026

ਡੇਰਾ ਸਿਰਸਾ, ਡੇਰਾ ਬਿਆਸ ਤੋਂ ਬਾਅਦ ਹੁਣ ਡੇਰਾ ਸੱਚਖੰਡ ਬੱਲਾਂ ਦਾ ਕੀਤਾ ਰੁਖ਼
ਚੰਡੀਗੜ੍ਹ, 3 ਫ਼ਰਵਰੀ (ਸੰਦੀਪ ਕੁਮਾਰ ਮਾਹਨਾ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਲੋਂ ਆਪਣੀ ਸਿਆਸੀ ਰਣਨੀਤੀ ਨੂੰ ਨਵੀਂ ਧਾਰ ਦੇਣ ਦੀ ਕੋਸ਼ਿਸ਼ ਤੇਜ਼ ਹੋ ਗਈ ਹੈ | ਦੂਜੀਆਂ ਰਵਾਇਤੀ ਸਿਆਸੀ ਪਾਰਟੀਆਂ ਦੀ ਲੀਹ 'ਤੇ ਤੁਰਦਿਆਂ ਹੁਣ ਭਾਜਪਾ ਵੀ ਡੇਰਾ ਵੋਟ ਬੈਂਕ ਹਾਸਲ ਕਰਨ ਲਈ ਪੱਬਾ ਭਾਰ ਨਜ਼ਰ ਆ ਰਹੀ ਹੈ | ਡੇਰਾ ਸਿਰਸਾ ਅਤੇ ਡੇਰਾ ਬਿਆਸ ਤੋਂ ਬਾਅਦ ਹੁਣ ਡੇਰਾ ਸੱਚਖੰਡ ਬੱਲਾਂ ਵੱਲ ਵਧੇ ਕਦਮਾਂ ਨੂੰ ਸਿਆਸੀ ਹਲਕਿਆਂ 'ਚ ਕਾਫ਼ੀ ਮਹੱਤਵ ਦਿੱਤਾ ਜਾ ਰਿਹਾ ਹੈ | ਪਿਛਲੇ ਕੁਝ ਮਹੀਨਿਆਂ ਤੋਂ ਭਾਜਪਾ ਦੇ ਸੀਨੀਅਰ ਆਗੂ ਲਗਾਤਾਰ ਵੱਖ-ਵੱਖ ਡੇਰਿਆਂ ਦੇ ਮੁਖੀਆਂ ਅਤੇ ਪ੍ਰਬੰਧਕਾਂ ਦੇ ਸੰਪਰਕ 'ਚ ਹਨ | ਇਸ ਦੌਰਾਨ ਧਾਰਮਿਕ ਸਮਾਗਮਾਂ ਵਿਚ ਸ਼ਮੂਲੀਅਤ, ਸਮਾਜਿਕ ਕਾਰਜਾਂ ਲਈ ਸਹਿਯੋਗ ਅਤੇ ਡੇਰਾ ਪ੍ਰਬੰਧਕਾਂ ਨਾਲ ਮੀਟਿੰਗਾਂ ਰਾਹੀਂ ਪਾਰਟੀ ਵਲੋਂ ਆਪਣਾ ਅਸਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਹਾਲਾਂਕਿ, ਪੰਜਾਬ ਦੀ ਸਿਆਸਤ 'ਚ ਡੇਰਿਆਂ ਦਾ ਅਸਰ ਕਈ ਦਹਾਕਿਆਂ ਤੋਂ ਕਾਫ਼ੀ ਰਿਹਾ ਹੈ | ਖ਼ਾਸ ਕਰਕੇ ਮਾਲਵਾ, ਦੁਆਬਾ ਅਤੇ ਮਾਝਾ ਖੇਤਰਾਂ ਵਿਚ ਕਈ ਡੇਰੇ ਅਜਿਹੇ ਹਨ, ਜਿਨ੍ਹਾਂ ਨਾਲ ਜੁੜੇ ਲੱਖਾਂ ਸ਼ਰਧਾਲੂ ਵੋਟਿੰਗ ਦੌਰਾਨ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸੇ ਕਾਰਨ ਹਰ ਵੱਡੀ ਪਾਰਟੀ ਚੋਣਾਂ ਤੋਂ ਪਹਿਲਾਂ ਡੇਰਿਆਂ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਭਾਜਪਾ ਵਲੋਂ ਡੇਰਾ ਸੱਚਖੰਡ ਬੱਲਾਂ ਵੱਲ ਵਧਾਇਆ ਰੁਖ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦਲਿਤ ਅਤੇ ਪਿੱਛੜੇ ਵਰਗਾਂ ਦੇ ਵੋਟਰਾਂ 'ਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ | ਇਹ ਰਣਨੀਤੀ ਭਾਜਪਾ ਦੀ ਉਸ ਕੋਸ਼ਿਸ਼ ਦਾ ਹਿੱਸਾ ਹੈ, ਜਿਸ ਤਹਿਤ ਪਾਰਟੀ ਪੰਜਾਬ 'ਚ ਆਪਣਾ ਸਮਾਜਿਕ ਆਧਾਰ ਫੈਲਾਉਣ ਦੀ ਯੋਜਨਾ ਬਣਾ ਰਹੀ ਹੈ | ਦੂਜੇ ਪਾਸੇ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀਆਂ ਵੀ ਡੇਰਾ ਸਿਆਸਤ 'ਚ ਪਿੱਛੇ ਰਹਿਣ ਲਈ ਤਿਆਰ ਨਹੀਂ ਦਿਖਾਈ ਦੇ ਰਹੀਆਂ | ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਭਾਜਪਾ ਸਿਰਫ਼ ਚੋਣ ਲਾਭ ਲੈਣ ਲਈ ਧਾਰਮਿਕ ਸੰਸਥਾਵਾਂ ਦੀ ਵਰਤੋਂ ਕਰ ਰਹੀ ਹੈ, ਜਦਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਪਾਰਟੀ ਹਰ ਵਰਗ ਨਾਲ ਸੰਵਾਦ ਬਣਾਉਣ 'ਚ ਵਿਸ਼ਵਾਸ ਰੱਖਦੀ ਹੈ | ਚਰਚਾ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ 'ਚ ਭਾਜਪਾ ਪੰਜਾਬ ਭਰ ਵਿਚ ਡੇਰਾ-ਅਧਾਰਿਤ ਸੰਪਰਕ ਮੁਹਿੰਮ ਸ਼ੁਰੂ ਕਰ ਸਕਦੀ ਹੈ, ਜਿਸ ਤਹਿਤ ਪਾਰਟੀ ਦੇ ਨੇਤਾ ਵੱਖ-ਵੱਖ ਡੇਰਿਆਂ ਦੇ ਦਰਸ਼ਨ ਕਰਕੇ ਸ਼ਰਧਾਲੂਆਂ ਨਾਲ ਰਾਬਤਾ ਵਧਾਉਣਗੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਜੇਲ੍ਹਾਂ ਕੈਦੀਆਂ ਤੇ ਹਵਾਲਾਤੀਆਂ ਨਾਲ ਨੱਕੋ ਨੱਕ ਭਰਨ ਲੱਗੀਆਂ <br/> ਅਗਲੀ ਖ਼ਬਰ ਸੰਤ-ਮਹਾਂਪੁਰਖਾਂ ਪ੍ਰਤੀ ਸਤਿਕਾਰ ਪੰਜਾਬ ਦੀ ਪਛਾਣ-ਬਿੱਟੂ
Ad Position 24