ਐੱਸ. ਏ. ਐੱਸ. ਨਗਰ, 5 ਫਰਵਰੀ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਦੀ ਜ਼ਮੀਨ ਨੂੰ ਕੌਡੀਆਂ ਦੇ ਭਾਅ 'ਤੇ ਵੇਚਣ ਦੇ ਮਾਮਲੇ 'ਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਇੰਤਕਾਲ ਰੱਦ ਕਰਨ ਤੇ ਇਸ ਜ਼ਮੀਨ ਦੀ ਅੱਗੇ ਵਿਕਰੀ 'ਤੇ ਰੋਕ ਲਗਾਉਣ ਲਈ ਦਰਖ਼ਾਸਤ ਦੇਣ ਸਮੇਤ ਐਸ. ਐਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਨਾਲ ਮੁਲਾਕਾਤ ਕਰਕੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ 'ਤੇ ਅੱਜ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਲੋਂ ਡੀ. ਸੀ. ਮੁਹਾਲੀ ਨੂੰ ਮਿਲ ਕੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜ਼ਮੀਨ ਧੋਖੇ ਨਾਲ ਵੇਚਣ ਦੇ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਸ ਵਫ਼ਦ 'ਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ, ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਲਿਖਤੀ ਤੌਰ 'ਤੇ ਸੌਂਪੀ ਗਈ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਜਾਅਲਸਾਜ਼ੀ ਕਰਦਿਆਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚੀ ਹੈ | ਉਸ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਧੋਖਾਧੜੀ ਕਰਦਿਆਂ ਜ਼ਮੀਨ ਵੇਚ ਕੇ ਪੈਸੇ ਹੜੱਪਣ ਦਾ ਵੱਡਾ ਗੁਨਾਹ ਕੀਤਾ ਹੈ | ਇਹ ਜਾਇਦਾਦ ਗੁਰਦੁਆਰਾ ਸਾਹਿਬ ਦੀ ਅਮਾਨਤ ਹੈ, ਲਿਹਾਜ਼ਾ ਇਸ ਦਾ ਇੰਤਕਾਲ ਰੱਦ ਕਰਦਿਆਂ ਇਸ ਦੀ ਅੱਗੇ ਵਿਕਰੀ 'ਤੇ ਰੋਕ ਲਗਾਈ ਜਾਵੇ | ਕੁਲਵੰਤ ਸਿੰਘ ਮੰਨਣ ਨੇ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਵਫ਼ਦ ਵਲੋਂ ਐਸ. ਐਸ. ਪੀ. ਮੁਹਾਲੀ ਨਾਲ ਮੁਲਾਕਾਤ ਕਰਕੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਅਤੇ ਇਸ ਧੋਖਾਧੜੀ 'ਚ ਸ਼ਾਮਿਲ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਨ ਦੀ ਲਿਖਤੀ ਮੰਗ ਵੀ ਕੀਤੀ ਗਈ ਹੈ |
ਸ਼੍ਰੋਮਣੀ ਕਮੇਟੀ ਦੇ ਵਫ਼ਦ ਵਲੋਂ ਡੀ. ਸੀ. ਮੁਹਾਲੀ ਨਾਲ ਇੰਤਕਾਲ ਰੱਦ ਕਰਨ ਅਤੇ ਐਸ. ਐਸ. ਪੀ. ਨਾਲ ਪਰਚਾ ਦਰਜ ਕਰਵਾਉਣ ਲਈ ਮੁਲਾਕਾਤ <br/>
ਅਜੀਤ ਡੈਸਕ
06-02-2026