ਬੀਤੇ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਨੇ ਖੰਡਰ ਬਣ ਚੁੱਕੇ ਪਿੰਡ ਦੀ ਨਿਸ਼ਾਨਦੇਹੀ ਦੇ ਕੀਤੇ ਸਨ ਹੁਕਮ-ਸਿੱਖ ਆਗੂ
ਮਲੇਰਕੋਟਲਾ, 5 ਫਰਵਰੀ (ਮਨਜਿੰਦਰ ਸਿੰਘ ਸਰੌਦ)-ਆਖ਼ਰ ਲੰਬੇ ਸਮੇਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੀਆਂ ਕੋਸ਼ਿਸ਼ਾਂ ਦੇ ਸਦਕਾ ਹਰਿਆਣਾ ਦੇ ਖੰਡਰ ਬਣ ਚੁੱਕੇ ਪਿੰਡ ਹੋਂਦ ਚਿੱਲੜ ਵਿਖੇ 32 ਸਿੱਖਾਂ ਦੇ ਕਤਲੇਆਮ ਦੀ ਸ਼ਹੀਦੀ ਯਾਦਗਾਰ ਬਣਨ ਦੀ ਆਸ ਬੱਝੀ ਹੈ | ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 2 ਨਵੰਬਰ, 1984 ਦੀ ਚੜ੍ਹਦੀ ਸਵੇਰ ਨੂੰ ਭੜਕੀ ਭੀੜ ਵਲੋਂ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਸਣੇ ਵੱਖ-ਵੱਖ ਥਾਵਾਂ ਨੂੰ ਨਿਸ਼ਾਨਾ ਬਣਾ ਕੇ 3 ਦਿਨ ਬੇਰਹਿਮੀ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ | ਜ਼ਿਲ੍ਹਾ ਰੇਵਾੜੀ ਦੇ ਪਿੰਡ ਹੋਂਦ ਵਿਖੇ 18 ਸਿੱਖ ਪਰਿਵਾਰਾਂ ਦੇ 32 ਜੀਆਂ ਨੂੰ ਮਾਸੂਮ ਬੱਚਿਆਂ ਸਣੇ ਜ਼ਖ਼ਮੀ ਕਰਨ ਤੋਂ ਬਾਅਦ ਇੱਕ ਖੂਹ ਵਿਚ ਸੁੱਟ ਦਿੱਤਾ ਤੇ ਅੱਗ ਲਗਾਕੇ ਦਰਦਨਾਕ ਮੌਤ ਦਿੱਤੀ ਗਈ | ਇਸ ਨਰਸੰਘਾਰ ਵਿਚ ਬੀਬੀ ਸੁਰਜੀਤ ਕੌਰ ਦੇ ਪਰਿਵਾਰ ਦੇ 12 ਜੀਅ ਸੰਸਾਰ ਤੋਂ ਚਲੇ ਗਏ | ਉਸ ਤੋਂ ਬਾਅਦ ਦਰਿੰਦਿਆਂ ਵਲੋਂ ਗੁੜਗਾਉਂ, ਰੇਵਾੜੀ ਤੇ ਪਟੌਦੀ ਵਿਖੇ 47 ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਸਿੱਖ ਬੱਚੀਆਂ ਦੇ ਮੂੰਹ ਵਿਚ ਪਿਸ਼ਾਬ ਪਾ ਕੇ 'ਕਰੂਰਤਾ ਭਰੇ ਕਾਰੇ' ਨੂੰ ਅੰਜਾਮ ਦਿੱਤਾ | ਫਿਰ 2011 ਨੂੰ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਭਾਈ ਦਰਸ਼ਨ ਸਿੰਘ ਘੋਲੀਆ ਤੇ ਸਾਥੀਆਂ ਦੀ ਬਦੌਲਤ ਅਦਾਲਤ ਦੀਆਂ ਬਰੂਹਾਂ ਤੱਕ ਪਹੁੰਚਿਆ | ਆਖ਼ਰ ਸ਼੍ਰੋਮਣੀ ਕਮੇਟੀ ਵਲੋਂ ਲੜੇ ਗਏ ਕੇਸਾਂ ਦੀ ਬਦੌਲਤ 22 ਕਰੋੜ 60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਪੀੜਤ ਪਰਿਵਾਰਾਂ ਨੂੰ 'ਅੱਲੇ ਜ਼ਖ਼ਮਾਂ 'ਤੇ ਮਲ੍ਹਮ' ਦੇ ਰੂਪ ਵਿਚ ਮਿਲੀ | ਕਰੀਬ 133 ਕੇਸ ਅਜੇ ਵੀ ਅਦਾਲਤਾਂ ਵਿਚ ਲੰਬਿਤ ਪਏ ਹਨ | ਤਤਕਾਲੀ ਦੋਸ਼ੀ 7 ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦਾ ਮਾਮਲਾ ਵੀ ਵਿਚਾਲੇ ਲਟਕ ਗਿਆ ਸੀ | ਹੁਣ ਇਸ ਅਹਿਮ ਮਸਲੇ ਸੰਬੰਧੀ ਗੱਲਬਾਤ ਕਰਦਿਆਂ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਖੰਡਰ ਬਣ ਚੁੱਕੇ ਪਿੰਡ ਹੋਂਦ ਚਿੱਲੜ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿੱਖ ਕਤਲੇਆਮ ਦੇ ਵਿਚ ਜਾਨਾਂ ਗੁਆ ਚੁੱਕੇ ਸਿੱਖਾਂ ਦੀ ਯਾਦ ਵਿਚ ਸ਼ਹੀਦੀ ਯਾਦਗਾਰ ਬਣਾਉਣ ਲਈ ਪਿੰਡ ਦੀ ਨਿਸ਼ਾਨਦੇਹੀ ਲਈ ਬੀਤੇ ਸਮੇਂ ਮਨਜ਼ੂਰੀ ਦਿੱਤੀ ਗਈ ਸੀ | ਭਾਈ ਘੋਲੀਆ ਨੇ ਕਿਹਾ ਕਿ ਅਗਲੇ ਸਮੇਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਣੇ ਪੰਥਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ 32 ਸਿੱਖਾਂ ਦੀ ਸ਼ਹੀਦੀ ਯਾਦਗਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਜੀਤ ਸਿੰਘ ਪਟੌਦੀ ਸਣੇ ਪੀੜਤ ਪਰਿਵਾਰ ਹਾਜ਼ਰ ਸਨ |
ਆਖ਼ਰ ਖੰਡਰ ਬਣ ਚੁੱਕੇ ਪਿੰਡ ਹੋਂਦ ਚਿੱਲੜ ਵਿਖੇ ਸਿੱਖ ਕਤਲੇਆਮ ਦੀ ਸ਼ਹੀਦੀ ਯਾਦਗਾਰ ਬਣਨ ਦੀ ਆਸ ਬੱਝੀ
ਅਜੀਤ ਡੈਸਕ
06-02-2026