ਜਲੰਧਰ, 6 ਫਰਵਰੀ (ਐੱਮ. ਐੱਸ. ਲੋਹੀਆ)ਅਰਬਨ ਅਸਟੇਟ ਫੇਜ਼-2 'ਚ ਕਿਸੇ ਨੂੰ ਪੇਮੈਂਟ ਦੇਣ ਆਏ ਬਨਾਵਟੀ ਗਹਿਣਿਆਂ ਦੇ ਕਾਰੋਬਾਰੀ ਪਤੀ-ਪਤਨੀ ਕੋਲੋਂ 19 ਲੱਖ 10 ਹਜ਼ਾਰ ਦੀ ਨਕਦੀ ਵਾਲਾ ਬੈਗ ਲੁੱਟ ਕੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਫ਼ਰਾਰ ਹੋ ਗਏ | ਪੀੜਤ ਪ੍ਰੀਆ ਵਰਮਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਕਾਰੋਬਾਰ ਦੇ ਸਿਲਸਿਲੇ 'ਚ ਕਿਸੇ ਨੂੰ ਪੇਮੈਂਟ ਕਰਨੀ ਸੀ | ਇਸ ਲਈ ਉਹ ਆਪਣੇ ਪਤੀ ਰਾਮਾਨੰਦ ਵਰਮਾ ਨਾਲ ਵਿਜੈ ਨਗਰ ਵਿਖੇ ਬੈਂਕ ਤੋਂ 17 ਲੱਖ 10 ਹਜ਼ਾਰ ਰੁਪਏ ਕੱਢਵਾ ਕੇ ਲਿਆ ਸੀ, ਜਦਕਿ ਉਸ ਨੇ ਘਰ 'ਚ ਪਏ 2 ਲੱਖ ਰੁਪਏ ਵੀ ਬੈਗ 'ਚ ਪਾਏ ਹੋਏ ਸਨ, ਜਦੋਂ ਉਹ ਆਪਣੇ ਪਤੀ ਨਾਲ ਅਰਬਨ ਅਸਟੇਟ ਫੇਜ਼-2 ਦੀ ਮਾਰਕੀਟ 'ਚ ਪਹੁੰਚੀ ਅਤੇ ਕਾਰ 'ਚੋਂ ਬਾਹਰ ਨਿਕਲ ਕੇ ਖੜ੍ਹੀ ਹੋਈ ਤਾਂ ਉਸ ਦਾ ਪਤੀ ਕਾਰ ਖੜ੍ਹੀ ਕਰਕੇ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਸੀ | ਇਸੇ ਦੌਰਾਨ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ, ਜਿਨ੍ਹਾਂ ਨੇ ਟੋਪੀਆਂ ਪਾਈਆਂ ਹੋਈਆਂ ਸਨ ਅਤੇ ਮੂੰਹ ਢੱਕੇ ਹੋਏ ਸਨ | ਉਨ੍ਹਾਂ 'ਚੋਂ ਇਕ ਨੌਜਵਾਨ ਮੋਟਰਸਾਈਕਲ ਸਟਾਰਟ ਕਰਕੇ ਬੈਠਾ ਰਿਹਾ ਅਤੇ ਦੂਜਾ ਉਸ ਦਾ ਬੈਗ ਝਪਟ ਕੇ ਮੋਟਰਸਾਈਕਲ ਪਿੱਛੇ ਬੈਠ ਗਿਆ | ਉਸ ਵਲੋਂ ਰੌਲਾ ਪਾਇਆ ਗਿਆ ਪਰ ਲੁਟੇਰਿਆਂ ਨੇ ਮੌਕੇ 'ਤੋਂ ਮੋਟਰਸਾਈਕਲ ਭਜਾ ਲਿਆ | ਉਸ ਦੇ ਪਤੀ ਨੇ ਜਦੋਂ ਤੱਕ ਕਾਰ ਮੋੜ ਕੇ ਲੁਟੇਰਿਆਂ ਦਾ ਪਿੱਛਾ ਕੀਤਾ, ਉਹ ਗਾਇਬ ਹੋ ਚੁੱਕੇ ਸਨ | ਚਿੱਟੇ ਦਿਨ ਹੋਈ ਲੁੱਟ ਦੀ ਵਾਰਦਾਤ ਸੰਬੰਧੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਅਤੇ ਸੀ.ਆਈ.ਏ. ਸਟਾਫ਼ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |