ਖੰਨਾ, 6 ਫਰਵਰੀ-ਪੰਜਾਬ ਦੇ ਨੌਜਵਾਨਾਂ ਲਈ ਵਿਦੇਸ਼ ਜਾਣ ਦਾ ਸੁਪਨਾ ਹੁਣ ਪਹਿਲਾਂ ਵਾਂਗ ਚਮਕਦਾਰ ਨਹੀਂ ਰਿਹਾ | ਵਿਦੇਸ਼ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿਚ ਪਾਸਪੋਰਟ ਬਣਾਉਣ ਦੀਆਂ ਅਰਜ਼ੀਆਂ ਵਿਚ ਲਗਾਤਾਰ ਗਿਰਾਵਟ ਜਾਰੀ ਹੈ, ਜੋ ਪੰਜਾਬੀਆਂ ਦੇ ਵਿਦੇਸ਼ ਮੋਹ ਵਿਚ ਘਾਟੇ ਨੂੰ ਸਾਫ਼ ਪ੍ਰਗਟਾਉਂਦਾ ਹੈ | ਸਾਲ 2023 ਤੋਂ ਬਾਅਦ ਹੁਣ ਤੱਕ ਨਵੇਂ ਪਾਸਪੋਰਟ ਲੈਣ ਵਿਚ 40 ਫ਼ੀਸਦੀ ਦੀ ਗਿਰਾਵਟ ਆਈ ਹੈ | 2023 ਵਿਚ ਰਿਕਾਰਡ 11.94 ਲੱਖ ਪਾਸਪੋਰਟ ਜਾਰੀ ਹੋਏ ਸਨ, 2024 ਵਿਚ 10.60 ਲੱਖ ਅਤੇ 2025 ਵਿਚ ਇਹ ਗਿਣਤੀ 7.08 ਲੱਖ ਹੀ ਰਹਿ ਗਈ | ਇਹੀ ਰੁਝਾਨ 2026 ਵਿਚ ਵੀ ਜਾਰੀ ਹੈ, ਜਿਥੇ ਨਵੀਆਂ ਅਰਜ਼ੀਆਂ ਹੋਰ ਘਟਣ ਦੇ ਸੰਕੇਤ ਹਨ | ਭਾਵੇਂ ਪੰਜਾਬ ਅਤੇ ਕੇਂਦਰ ਸਰਕਾਰਾਂ ਇਸ ਉਲਟ ਪ੍ਰਵਾਸ ਰਾਹੀਂ ਵਤਨ ਵਾਪਸੀ ਨੂੰ ਇਕ ਸਫ਼ਲਤਾ ਵਜੋਂ ਪੇਸ਼ ਕਰ ਰਹੀਆਂ ਹਨ ਪਰ ਅਸਲ ਵਿਚ ਵਿਦੇਸ਼ਾਂ ਵਿਚ ਵਧਦੇ ਅਪਰਾਧ, ਨੌਕਰੀਆਂ ਦੀ ਘਾਟ, ਰਹਿਣ-ਸਹਿਣ ਦੇ ਉੱਚੇ ਖਰਚੇ ਅਤੇ ਸਖ਼ਤ ਪ੍ਰਵਾਸ ਨਿਯਮਾਂ ਨੇ ਪੰਜਾਬੀ ਨੌਜਵਾਨਾਂ ਨੂੰ ਵਾਪਸ ਘਰ ਵੱਲ ਮੋੜ ਦਿੱਤਾ ਹੈ | ਇਹ ਉਲਟ ਪ੍ਰਵਾਸ (ਰਿਵਰਸ ਮਾਈਗਰੇਸ਼ਨ) ਦਾ ਇਕ ਨਵਾਂ ਯੁੱਗ ਹੈ, ਜਿਥੇ ਪੰਜਾਬੀ ਪ੍ਰਵਾਸੀ ਵਾਪਸ ਆ ਕੇ ਆਪਣੇ ਵਤਨ ਵਿਚ ਨਵੇਂ ਮੌਕੇ ਲੱਭ ਰਹੇ ਹਨ |
ਉਲਟ ਪ੍ਰਵਾਸ ਦੀ ਸ਼ੁਰੂਆਤ
ਕੋਵਿਡ-19 ਮਹਾਂਮਾਰੀ ਨੇ ਇਸ ਰੁਝਾਨ ਨੂੰ ਬਦਲ ਦਿੱਤਾ | 2020 'ਚ ਵਿਦੇਸ਼ਾਂ ਵਿਚ ਆਰਥਿਕ ਅਸਥਿਰਤਾ, ਨੌਕਰੀਆਂ ਦੀ ਘਾਟ ਅਤੇ ਰਹਿਣ ਦੇ ਉੱਚ ਖਰਚੇ ਨੇ ਕਈ ਪੰਜਾਬੀਆਂ ਨੂੰ ਵਾਪਸ ਆਉਣ ਲਈ ਮਜਬੂਰ ਕੀਤਾ | ਇਹ ਉਲਟ ਪ੍ਰਵਾਸ ਦੀ ਸ਼ੁਰੂਆਤ ਸੀ | 2021 ਤੋਂ ਬਾਅਦ ਵਿਦੇਸ਼ੀ ਸਰਕਾਰਾਂ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕੀਤਾ | 2024-2026 ਵਿਚ ਇਹ ਰੁਝਾਨ ਹੋਰ ਤੇਜ਼ੀ ਨਾਲ ਵਧ ਰਿਹਾ ਹੈ, ਕਿਉਂਕਿ ਟਰੰਪ ਦੀ ਰਾਸ਼ਟਰਪਤੀ ਵਜੋਂ ਵਾਪਸੀ ਨੇ ਅਮਰੀਕਾ 'ਚ ਡਿਪੋਰਟੇਸ਼ਨ ਵਧਾ ਦਿੱਤੀ ਹੈ ਅਤੇ ਕੈਨੇਡਾ ਵਿਚ ਇਮੀਗ੍ਰੇਸ਼ਨ ਟਾਰਗੇਟ ਘਟਾਏ ਗਏ ਹਨ | ਬੀ. ਬੀ. ਸੀ. ਦੀ ਰਿਪੋਰਟ ਅਨੁਸਾਰ ਕੈਨੇਡਾ ਵਿਚ ਉੱਚ ਖਰਚੇ ਅਤੇ ਨੌਕਰੀ ਘਾਟ ਨੇ ਕਈ ਪੰਜਾਬੀਆਂ ਨੂੰ ਵਾਪਸ ਭੇਜ ਦਿੱਤਾ ਹੈ | ਇਕਨੌਮਿਕ ਟਾਈਮਜ਼ ਨੇ ਲਿਖਿਆ ਕਿ ਕੈਨੇਡਾ ਹੁਣ ਸੁਪਨਾ ਨਹੀਂ ਬਲਕਿ ਡਰਾਵਣਾ ਸੁਪਨਾ ਬਣ ਰਿਹਾ ਹੈ |
ਵਿਦੇਸ਼ਾਂ 'ਚੋਂ ਉਲਟ ਪ੍ਰਵਾਸ ਦੀਆਂ ਸਥਿਤੀਆਂ
ਪੰਜਾਬੀਆਂ ਲਈ ਕੈਨੇਡਾ ਸਭ ਤੋਂ ਵੱਡਾ ਆਕਰਸ਼ਣ ਸੀ ਪਰ ਹੁਣ ਇਹ ਉਲਟ ਪ੍ਰਵਾਸ ਦਾ ਕੇਂਦਰ ਬਣ ਗਿਆ ਹੈ | ਫਰਵਰੀ 2026 ਵਿਚ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਭਾਰਤੀਆਂ ਨੂੰ ਫਿਰੌਤੀ ਮਾਮਲਿਆਂ ਵਿਚ ਜਾਂਚ ਅਧੀਨ ਰੱਖਿਆ ਅਤੇ ਕਈ ਨੂੰ ਡਿਪੋਰਟ ਕੀਤਾ | ਕੈਨੇਡਾ ਵਿਚ 2025-2026 ਵਿਚ 'ਇਮੀਗ੍ਰੇਸ਼ਨ ਟਾਰਗੇਟ' ਘਟਾਏ ਗਏ, ਅਸਥਾਈ ਵਿਦੇਸ਼ੀ ਵਰਕਰਾਂ ਦੀ ਗਿਣਤੀ 3,67,750 ਤੋਂ ਘਟਾ ਕੇ 2,30,000 ਕੀਤੀ ਗਈ | ਬੀ. ਬੀ. ਸੀ. ਅਨੁਸਾਰ 2023 ਵਿਚ 42,000 ਲੋਕ ਕੈਨੇਡਾ ਛੱਡ ਗਏ | ਅਮਰੀਕਾ ਵਿਚੋਂ ਜਬਰੀ ਬਾਹਰ ਕੱਢਣ, ਬਿਨਾਂ ਕਾਗ਼ਜ਼ਾਂ ਤੋਂ ਕੰਮ ਨਾ ਕਰ ਸਕਣ ਦੀਆਂ ਸਥਿਤੀਆਂ, ਐੱਚ1ਬੀ ਵੀਜ਼ਾ ਅਤੇ ਗਰੀਨ ਕਾਰਡ ਨੂੰ ਸੀਮਤ ਕੀਤੇ ਜਾਣ ਤੋਂ ਇਲਾਵਾ ਰਾਜਨੀਤਕ ਸ਼ਰਨ ਲੈਣ ਦੇ ਸਖ਼ਤ ਨਿਯਮਾਂ ਅਤੇ ਨਸਲੀ ਤਣਾਅ ਨੇ ਵੀ ਉਲਟ ਪ੍ਰਵਾਸ ਵਧਾਇਆ ਹੈ, ਜਦੋਂਕਿ ਆਸਟ੍ਰੇਲੀਆ ਵਿਚ ਵੀਜ਼ਾ ਅਨਿਸ਼ਚਿਤਤਾ ਅਤੇ ਸਮਾਜਿਕ ਤਣਾਅ ਅਤੇ ਵਿਦਿਆਰਥੀਆਂ ਲਈ ਸਖ਼ਤ ਵੀਜ਼ਾ ਨਿਯਮ ਅਤੇ ਪੱਕੇ ਹੋਣ ਦੇ ਘੱਟ ਆਸਾਰਾਂ ਨੇ ਵੀ ਉਲਟ ਪ੍ਰਵਾਸ ਨੂੰ ਵਧਾਇਆ ਹੈ | ਨਿਊਜ਼ੀਲੈਂਡ, ਯੂ. ਕੇ. ਅਤੇ ਸਿੰਗਾਪੁਰ ਵਿਚ ਵੀ ਉਲਟ ਪ੍ਰਵਾਸ ਵਧਿਆ ਹੈ | ਇਨ੍ਹਾਂ ਵਿਚੋਂ ਸਭ ਤੋਂ ਵੱਧ ਉਲਟ ਪ੍ਰਵਾਸ ਯੂ.ਕੇ. ਵਿਚੋਂ ਹੋ ਰਿਹਾ ਹੈ | ਇਕ ਰਿਪੋਰਟ ਮੁਤਾਬਿਕ 2024 ਵਿਚ 58,000 ਭਾਰਤੀ ਵਾਪਸ ਆਏ ਅਤੇ ਲੇਬਰ ਸਰਕਾਰ ਵਲੋਂ 'ਸੈਟਲਮੈਂਟ ਪੀਰੀਅਡ' 5 ਸਾਲਾਂ ਤੋਂ ਵਧਾ ਕੇ 10 ਸਾਲ ਕੀਤੇ ਜਾਣਾ ਅਤੇ ਅੰਗਰੇਜ਼ੀ ਟੈੱਸਟ ਸਖ਼ਤ ਕਰਨ ਨੇ ਵੀ ਉਲਟ ਪ੍ਰਵਾਸ ਨੂੰ ਵਧਾਇਆ ਹੈ |
ਪੰਜਾਬੀਆਂ ਦੇ ਉਲਟ ਪ੍ਰਵਾਸ ਦੀ ਸ਼ੁਰੂਆਤ : ਵਿਦੇਸ਼ੀ ਸੁਪਨੇ ਪਏ ਫਿੱਕੇ, ਵਤਨ ਵਾਪਸੀ ਦਾ ਨਵਾਂ ਰੁਝਾਨ
ਅਜੀਤ ਡੈਸਕ
07-02-2026