ਨਵੀਂ ਦਿੱਲੀ, 21 ਫਰਵਰੀ (ਏਜੰਸੀ)- ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਅਮਰੀਕਾ, ਬਰਤਾਨੀਆ, ਚੀਨ ਤੇ ਫਰਾਂਸ ਉਨ੍ਹਾਂ 88 ਦੇਸ਼ਾਂ ਤੇ ਅੰਤਰਰਾਸ਼ਟਰੀ ਸੰਗਠਨਾਂ 'ਚ ਸ਼ਾਮਿਲ ਹਨ, ਜਿਨ੍ਹਾਂ ਨੇ 'ਏ.ਆਈ. ਇੰਪੈਕਟ 'ਤੇ ਨਵੀਂ ਦਿੱਲੀ ਐਲਾਨਨਾਮੇ' ਦਾ ਸਮਰਥਨ ਕੀਤਾ ਹੈ, ਇਸ ਨੂੰ ਅਪਣਾਉਣਾ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਵਿਸ਼ਵਵਿਆਪੀ ਸਹਿਯੋਗ 'ਚ ਇਕ ਮਹੱਤਵਪੂਰਨ ਮੀਲ ਪੱਥਰ ਹੈ | 'ਸਰਵਜਨ ਹਿਤਾਏ, ਸਰਵਜਨ ਸੁਖਾਏ' (ਸਾਰਿਆਂ ਲਈ ਭਲਾਈ, ਸਾਰਿਆਂ ਲਈ ਖੁਸ਼ੀ) ਦੇ ਸਿਧਾਂਤ 'ਤੇ ਐਲਾਨਨਾਮਾ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਏ.ਆਈ. ਦੇ ਫ਼ਾਇਦਿਆਂ ਨੂੰ ਮਨੁੱਖਤਾ 'ਚ ਬਰਾਬਰ ਸਾਂਝਾ ਕੀਤਾ ਜਾਣਾ ਚਾਹੀਦਾ ਹੈ | ਇਹ ਅੰਤਰਰਾਸ਼ਟਰੀ ਸਹਿਯੋਗ ਅਤੇ ਬਹੁ-ਹਿੱਸੇਦਾਰਾਂ ਦੀ ਸ਼ਮੂਲੀਅਤ ਨੂੰ ਮਜ਼ਬੂਤ ਕਰਨ, ਰਾਸ਼ਟਰੀ ਪ੍ਰਭੂਸੱਤਾ ਦਾ ਸਤਿਕਾਰ ਕਰਨ, ਪਹੁੰਚਯੋਗ ਅਤੇ ਭਰੋਸੇਯੋਗ ਢਾਂਚੇ ਰਾਹੀਂ ਏ.ਆਈ. ਨੂੰ ਅੱਗੇ ਵਧਾਉਣ 'ਤੇ ਜ਼ੋਰ ਦਿੰਦਾ ਹੈ | ਇਹ ਐਲਾਨਨਾਮਾ ਸੱਤ ਮੁੱਖ ਥੰਮ੍ਹਾਂ ਦੇ ਆਲੇ-ਦੁਆਲੇ ਬਣਾਇਆ ਗਿਆ ਹੈ, ਜੋ ਵਿਸ਼ਵਵਿਆਪੀ ਏ.ਆਈ. ਸਹਿਯੋਗ ਦੀ ਨੀਂਹ ਨੂੰ ਦਰਸਾਉਂਦੇ ਹਨ | ਇਹ ਏ.ਆਈ. ਸਰੋਤਾਂ ਦਾ ਲੋਕਤੰਤਰੀਕਰਨ, ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ, ਸੁਰੱਖਿਅਤ ਅਤੇ ਭਰੋਸੇਮੰਦ ਏ.ਆਈ., ਵਿਗਿਆਨ ਲਈ ਏ.ਆਈ., ਸਮਾਜਿਕ ਸਸ਼ਕਤੀਕਰਨ ਲਈ ਪਹੁੰਚ, ਮਨੁੱਖੀ ਪੂੰਜੀ ਵਿਕਾਸ ਅਤੇ ਲਚਕੀਲੇ, ਕੁਸ਼ਲ ਅਤੇ ਨਵੀਨਤਾਕਾਰੀ ਏ.ਆਈ. ਪ੍ਰਣਾਲੀਆਂ ਹਨ | ਬਿਆਨ 'ਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ 'ਚ 18-19 ਫਰਵਰੀ ਨੂੰ ਆਯੋਜਿਤ ਏ.ਆਈ. ਇੰਪੈਕਟ ਸੰਮੇਲਨ 2026, ਏ.ਆਈ. ਇੰਪੈਕਟ 'ਤੇ ਨਵੀਂ ਦਿੱਲੀ ਐਲਾਨਨਾਮੇ ਨੂੰ ਅਪਣਾਉਣ ਨਾਲ ਸਮਾਪਤ ਹੋਇਆ, ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਵਿਸ਼ਵਵਿਆਪੀ ਸਹਿਯੋਗ 'ਚ ਇਕ ਮਹੱਤਵਪੂਰਨ ਮੀਲ ਪੱਥਰ ਹੈ | ਇਸ ਐਲਾਨਨਾਮੇ ਨੂੰ 88 ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਸਮਰਥਨ ਦਿੱਤਾ ਗਿਆ ਹੈ, ਜੋ ਕਿ ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਲਈ ਏ.ਆਈ. ਦਾ ਇਸਤੇਮਾਲ ਕਰਨ 'ਤੇ ਵਿਸ਼ਵਵਿਆਪੀ ਸਹਿਮਤੀ ਨੂੰ ਦਰਸਾਉਂਦਾ ਹੈ | ਸਮਰਥਨ ਕਰਨ ਵਾਲੇ ਦੇਸ਼ਾਂ ਦੀ ਸੂਚੀ 'ਚ ਅਮਰੀਕਾ, ਚੀਨ, ਯੂ.ਕੇ., ਰੂਸ, ਫਰਾਂਸ, ਆਸਟ੍ਰੇਲੀਆ, ਬੈਲਜੀਅਮ, ਭੂਟਾਨ, ਬ੍ਰਾਜ਼ੀਲ, ਕੈਨੇਡਾ, ਡੈਨਮਾਰਕ, ਐਸਟੋਨੀਆ, ਇਥੋਪੀਆ, ਜਪਾਨ, ਇਟਲੀ, ਇਜ਼ਰਾਈਲ, ਆਇਰਲੈਂਡ, ਆਦਿ ਸ਼ਾਮਿਲ ਹਨ | ਇੰਡੋਨੇਸ਼ੀਆ, ਈਰਾਨ, ਹੰਗਰੀ, ਗ੍ਰੀਸ, ਜਰਮਨੀ, ਫਿਨਲੈਂਡ, ਮੈਕਸੀਕੋ, ਮਿਆਂਮਾਰ, ਨਿਪਾਲ, ਨੀਦਰਲੈਂਡ, ਨਿਊਜ਼ੀਲੈਂਡ, ਨਾਰਵੇ, ਓਮਾਨ, ਫਿਲਪੀਨਜ਼, ਪੇਰੂ, ਰੋਮਾਨੀਆ, ਰਵਾਂਡਾ, ਸੇਨੇਗਲ, ਸਿੰਗਾਪੁਰ, ਦੱਖਣੀ ਕੋਰੀਆ, ਸਪੇਨ, ਸ਼੍ਰੀਲੰਕਾ, ਸਵੀਡਨ, ਸਵਿਟਜ਼ਰਲੈਂਡ, ਤਨਜ਼ਾਨੀਆ, ਯੂ.ਏ.ਈ., ਯੂਕਰੇਨ, ਈ.ਯੂ., ਅਤੇ ਆਈ.ਐਫ.ਏ.ਡੀ. ਵੀ ਸਮਰਥਨ ਕਰਨ ਵਾਲਿਆਂ ਦੀ ਸੂਚੀ 'ਚ ਸ਼ਾਮਿਲ ਹਨ |