ਚੰਡੀਗੜ੍ਹ, 8 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨ ਤੋਂ ਪਹਿਲਾਂ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਸਦਨ ਵਿਚ ਸੂਬੇ ਦੀਆਂ ਮਹਿਲਾਵਾਂ ਦੀ ਕੈਂਸਰ ਨਾਲ ਹੋ ਰਹੀਆਂ ਮੌਤਾਂ ਦਾ ਮਾਮਲਾ ਗੂੰਜਿਆ | ਪੰਜਾਬ ਵਿਚ ਮਹਿਲਾਵਾਂ ਦੀ ਕੈਂਸਰ ਨਾਲ ਮੌਤਾਂ 'ਤੇ ਸਵਾਲ ਕਰਦਿਆਂ 'ਆਪ' ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਪੰਜਾਬ ਵਿਚ ਮਹਿਲਾਵਾਂ ਦੀ ਕੈਂਸਰ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਕੀ ਹੈ ਅਤੇ ਸਰਕਾਰ ਇਸ ਦੀ ਰੋਕਥਾਮ ਲਈ ਕੀ ਕਦਮ ਚੁੱਕ ਰਹੀ ਹੈ | ਵਿਧਾਇਕ ਨੇ ਕਿਹਾ ਕਿ ਕੀ ਇਹ ਠੀਕ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿਚ ਹਰ ਰੋਜ਼ ਔਸਤਨ ਅੱਠ ਔਰਤਾਂ ਕੈਂਸਰ ਨਾਲ ਮਰ ਰਹੀਆਂ ਹਨ ਅਤੇ ਸਾਲ 2021 ਤੋਂ 2025 ਦੇ ਦਰਮਿਆਨ ਲਗਭਗ 13,299 ਅÏਰਤਾਂ ਦੀ ਕੈਂਸਰ ਨਾਲ ਮੌਤ ਹੋਈ ਹੈ | ਉਨ੍ਹਾਂ ਸਿਹਤ ਮੰਤਰੀ ਤੋਂ ਸਵਾਲ ਕੀਤਾ ਕਿ ਕੀ ਰਾਜ ਸਰਕਾਰ ਨੇ ਇਸ ਚਿੰਤਾਜਨਕ ਵਾਧੇ ਦੇ ਕਾਰਨਾਂ ਦਾ ਮੁਲਾਂਕਣ ਕੀਤਾ ਹੈ | ਇਸ ਦੇ ਜਵਾਬ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਨੇ ਜਵਾਬ ਦਿੰਦਿਆਂ ਕਿਹਾ ਕਿ ਕੈਂਸਰ ਰੋਕਥਾਮ ਮਾਮਲੇ ਵਿਚ ਪੰਜਾਬ ਪੂਰੇ ਦੇਸ਼ ਵਿਚ ਪੰਜਾਬ 16ਵੇਂ ਨੰਬਰ 'ਤੇ ਹੈ | ਵਿਧਾਇਕ ਨੇ ਕਿਹਾ ਕਿ 28 ਵਿਚੋਂ ਸਾਡਾ ਪੰਜਾਬ 16ਵੇਂ ਨੰਬਰ 'ਤੇ ਹੈ, ਜਦ ਕਿ ਇਸਨੂੰ ਰੋਕਥਾਮ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਹੋਣਾ ਚਾਹੀਦਾ ਹੈ | ਇਸ 'ਤੇ ਸਿਹਤ ਮੰਤਰੀ ਨੇ ਕੈਂਸਰ ਦੀ ਰੋਕਥਾਮ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਸਦਨ ਵਿਚ ਦਿੱਤੀ | ਇੱਥੇ ਇਹ ਗੱਲ ਵੀ ਵਿਸ਼ੇਸ਼ ਤੌਰ 'ਤੇ ਦੱਸਣਯੋਗ ਹੈ ਕਿ 'ਆਪ' ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵਲੋਂ ਰਾਜ ਸਭਾ ਵਿਚ ਪੰਜਾਬ ਵਿਚ ਕੈਂਸਰ ਕਾਰਨ ਮਹਿਲਾਵਾਂ ਦੀਆਂ ਵਧਦੀਆਂ ਮੌਤਾਂ ਦਾ ਗੰਭੀਰ ਮਸਲਾ ਚੁੱਕਿਆ ਗਿਆ ਸੀ | ਕੇਂਦਰੀ ਸਿਹਤ ਮੰਤਰੀ ਵਲੋਂ ਪੇਸ਼ ਕੀਤੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਸੀ ਕਿ ਸਾਲ 2025 ਦੌਰਾਨ ਪੰਜਾਬ ਵਿਚ ਲਗਭਗ 2700 ਮਹਿਲਾਵਾਂ ਦੀ ਮੌਤ ਕੈਂਸਰ ਕਾਰਨ ਹੋਈ | ਸਾਲ 2021 ਤੋਂ 2025 ਤੱਕ ਕੁੱਲ 13,299 ਮਹਿਲਾਵਾਂ ਦੀ ਮੌਤ ਦਰਜ ਕੀਤੀ ਗਈ ਹੈ |