ਕਿਹਾ, ਕਾਂਗਰਸ ਚਰਚਾ ਦੀ ਬਜਾਏ ਸਦਨ 'ਚ ਕਰਦੀ ਹੈ ਹੰਗਾਮਾ
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਦਨ ਤੋਂ ਬਾਹਰ ਆ ਕੇ ਪ੍ਰੈੱਸ-ਕਾਨਫਰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਪੰਜਾਬ ਦੀ ਗੱਲ ਸੁਣਨ ਦੀ ਬਜਾਏ ਸਦਨ ਛੱਡ ਕੇ ਬਾਹਰ ਚਲੇ ਜਾਂਦੀ ਹੈ, ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਕਾਂਗਰਸ ਦਾ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਗੱਲ ਸੁਣਨ ਤੱਕ ਦਾ ਵੀ ਮਾਦਾ ਨਹੀਂ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਬੋਲਣ ਦੀ ਮੰਗ ਕੀਤੀ ਸੀ ਅਤੇ ਸਰਕਾਰ ਨੇ ਉਨ੍ਹਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਨੂੰ ਪਹਿਲਾਂ ਬੋਲਣ ਦਾ ਮੌਕਾ ਦਿੱਤਾ, ਪਰ ਜਦੋਂ ਸਰਕਾਰ ਦੀ ਵਾਰੀ ਆਈ ਤਾਂ ਕਾਂਗਰਸ ਦੇ ਮੈਂਬਰ ਸਦਨ ਛੱਡ ਕੇ ਚਲੇ ਗਏ, ਜਿਵੇਂ ਕਿ ਉਹ 6 ਤਾਰੀਖ ਨੂੰ ਰਾਜਪਾਲ ਦਾ ਭਾਸ਼ਣ ਬਿਨਾਂ ਸੁਣੇ ਹੀ ਵਾਕਆਉਟ ਕਰ ਗਏ ਸਨ | ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰ ਸਦਨ ਵਿਚ ਚਰਚਾ ਕਰਨ ਦੀ ਬਜਾਏ ਹੰਗਾਮਾ ਕਰਦੀ ਹੈ ਅਤੇ ਬਾਅਦ ਵਿਚ ਬਾਹਰ ਜਾ ਕੇ ਕਹਿੰਦੀ ਹੈ ਕਿ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ | ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਚਰਚਾ ਤੋਂ ਭੱਜਣ ਦੀ ਬਜਾਏ ਸੱਚਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ |
ਵਿਰੋਧੀ ਧਿਰ ਕਾਂਗਰਸ ਪੰਜਾਬ ਦੀ ਗੱਲ ਸੁਣਨ ਦੀ ਬਜਾਏ ਸਦਨ ਛੱਡ ਕੇ ਚਲੀ ਜਾਂਦੀ ਹੈ - ਅਮਨ ਅਰੋੜਾ
ਅਜੀਤ ਡੈਸਕ
10-03-2026