ਪੁਰਾਣੀਆਂ ਸਰਕਾਰਾਂ ਸਮੇਂ ਸਿਆਸੀ ਪੁਸ਼ਤ-ਪਨਾਹੀ ਵਾਲੇ ਭਗੌੜਿਆਂ ਨੂੰ ਕੀਤਾ ਕਾਬੂ - ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਅੰਦਰ ਨਸ਼ਿਆਂ ਦੇ ਮੁੱਦੇ 'ਤੇ ਸਿਆਸਤ ਲੰਮੇਂ ਸਮੇਂ ਤੋਂ ਸਿਖ਼ਰਾਂ 'ਤੇ ਹੈ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵੀ ਚਲਾਈ ਜਾ ਰਹੀ ਹੈ | ਨਸ਼ਿਆਂ ਤੇ ਨਸ਼ਿਆਂ ਦਾ ਵਪਾਰ ਕਰਨ ਵਾਲਿਆਂ ਦੀ ਜ਼ਮਾਨਤ ਦੇਣ ਵਾਲਿਆਂ ਦਾ ਮੁੱਦਾ ਅੱਜ ਪੰਜਾਬ ਵਿਧਾਨ ਸਭਾ ਅੰਦਰ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਉੱਠਿਆ | 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਕੀਤੇ ਸਵਾਲ ਦੇ ਜਵਾਬ 'ਚ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਠੋਕ ਕੇ ਕਾਰਵਾਈ ਕਰ ਰਹੀ ਹੈ ਅਤੇ ਪੁਰਾਣੀਆਂ ਸਰਕਾਰਾਂ ਸਮੇਂ ਸਿਆਸੀ ਪੁਸ਼ਤ-ਪਨਾਹੀ ਵਾਲੇ ਭਗੌੜਿਆਂ ਨੂੰ ਕਾਬੂ ਕੀਤਾ ਗਿਆ ਹੈ | 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਸ ਗੱਲ ਦੀ ਜਾਣਕਾਰੀ ਵੀ ਜਨਤਕ ਹੋਣੀ ਚਾਹੀਦੀ ਹੈ ਕਿ ਨਸ਼ਾ ਤਸਕਰਾਂ ਦੀ ਪੁਸ਼ਤ-ਪਨਾਹੀ ਕੌਣ ਕਰ ਰਿਹਾ ਹੈ ਤੇ ਇਸਦੇ ਨਾਮ ਜਨਤਕ ਕਰਨ ਸਬੰਧੀ ਸਰਕਾਰ ਨੀਤੀ ਬਣਾਵੇ, ਜਿਸ 'ਤੇ ਜਵਾਬ ਦਿੰਦੇ ਹੋਏ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਾਲਾਂਕਿ ਇਹ ਕਾਨੂੰਨੀ ਪ੍ਰਕਿ੍ਆ ਹੈ ਅਤੇ ਇਸ ਸਬੰਧੀ ਸਾਰੇ ਅਧਿਕਾਰ ਅਦਾਲਤਾਂ ਦੇ ਹਨ ਪਰ ਐਨ.ਡੀ.ਪੀ.ਐਸ. ਐਕਟ ਦੇ ਅੰਦਰ ਜ਼ਮਾਨਤਾਂ ਕਰਾਉਣ ਵਾਲਿਆਂ ਦੇ ਨਾਮ ਜਨਤਕ ਕਰਨ ਸਬੰਧੀ ਨੀਤੀ ਨੂੰ ਲੈਕੇ ਉਹ ਮੁੱਖ ਮੰਤਰੀ ਅਤੇ ਸਰਕਾਰ ਦੇ ਕਾਨੂੰਨੀ ਵਿਭਾਗ ਨਾਲ ਸਲਾਹ ਮਸ਼ਵਰਾ ਕਰਨਗੇ, ਤਾਂ ਹੀ ਇਹ ਨੀਤੀ ਬਣਾ ਸਕਦੇ ਹਾਂ |
ਅਧਿਆਪਕ ਦੀ ਸੜਕ ਹਾਦਸੇ ਵਿਚ ਮੌਤ ਹੋਣ 'ਤੇ ਮਿਲਣਗੇ 1 ਕਰੋੜ ਰੁਪਏ-
ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਯਾਲੀ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਬਲਾਕ ਸਮਿਤੀ ਚੋਣਾਂ ਦੌਰਾਨ ਜਿਨ੍ਹਾਂ ਦੋ ਅਧਿਆਪਕਾਂ ਦੀ ਸੜਕ ਹਾਦਸਿਆਂ ਵਿਚ ਮੌਤ ਹੋਈ ਸੀ, ਉਸ ਮਾਮਲੇ ਵਿਚ ਵਿਭਾਗ ਵਲੋਂ ਜੋ ਅਦਾਇਗੀ ਬਣਦੀ ਹੈ, ਉਹ ਕੀਤੀ ਜਾਵੇਗੀ | ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਬੈਂਕਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਸੜਕ ਹਾਦਸਿਆਂ ਵਿਚ ਜਾਨ ਗੁਆਉਣ ਵਾਲੇ ਟੀਚਰਾਂ ਨੂੰ ਇਕ ਕਰੋੜ ਰੁਪਏ ਦੇਣ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ |
ਪੰਜਾਬ ਵਿਧਾਨ ਸਭਾ ਵਿਚ ਉੱਠਿਆ 'ਨਸ਼ਾ ਤਸਕਰਾਂ' ਦੀ ਜ਼ਮਾਨਤ ਦੇਣ ਵਾਲਿਆਂ ਦਾ ਮੁੱਦਾ
ਅਜੀਤ ਡੈਸਕ
10-03-2026