'ਕੈਗ' ਦੀਆਂ ਰਿਪੋਰਟਾਂ ਵਿਧਾਨ ਸਭਾ ਅੱਗੇ ਪੇਸ਼ ਕਰਾਉਣ ਦੀ ਚੁੱਕੀ ਮੰਗ
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਵਿਧਾਇਕਾਂ ਦਾ ਵਫ਼ਦਦਾ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ | ਵਫ਼ਦ ਵਲੋਂ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਵਿੱਤੀ ਵਰ੍ਹੇ 2023-2024 ਅਤੇ 2024-2025 ਲਈ ਬਾਕੀ ਪਏ 'ਕੈਗ' ਦੀਆਂ ਆਡਿਟ ਰਿਪੋਰਟਾਂ, ਵਿੱਤ ਅਤੇ ਸਰਕਾਰੀ ਪੈਸੇ ਦੀ ਮਨਜ਼ੂਰੀ ਅਤੇ ਖਰਚ ਸਬੰਧੀ ਖਾਤਿਆਂ ਨੂੰ ਤੁਰੰਤ ਪੰਜਾਬ ਵਿਧਾਨ ਸਭਾ ਅੱਗੇ ਪੇਸ਼ ਕਰਨ ਬਾਰੇ ਅਪੀਲ ਕੀਤੀ ਗਈ | ਰਾਜਪਾਲ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਅੰਕੜੇ ਤਾਂ ਪੇਸ਼ ਕਰ ਰਹੀ ਹੈ ਪਰ 'ਕੈਗ' ਦੀ ਰਿਪੋਰਟ ਵਿਚ ਹੀ ਇਸਦੀ ਸਹੀ ਤਸਦੀਕ ਹੋ ਸਕਦੀ ਹੈ ਕਿ ਸਰਕਾਰ ਵਲੋਂ ਬਜਟ ਵਿਚ ਪੇਸ਼ ਕੀਤੇ ਅੰਕੜੇ ਸਹੀ ਹਾਂ ਜਾਂ ਨਹੀਂ | ਜਿਸਦੇ ਚਲਦੇ ਉਨ੍ਹਾਂ ਵਲੋਂ ਰਾਜਪਾਲ ਨੂੰ ਅਪੀਲ ਕੀਤੀ ਗਈ ਹੈ ਕਿ 'ਕੈਗ' ਦੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ ਵਲੋਂ ਕਿਸੇ ਰਾਜ ਦੇ ਖਾਤਿਆਂ ਸੰਬੰਧੀ ਤਿਆਰ ਕੀਤੀਆਂ ਰਿਪੋਰਟਾਂ ਰਾਜਪਾਲ ਨੂੰ ਭੇਜੀਆਂ ਜਾਂਦੀਆਂ ਹਨ ਅਤੇ ਰਾਜਪਾਲ ਉਨ੍ਹਾਂ ਨੂੰ ਰਾਜ ਦੀ ਵਿਧਾਨ ਸਭਾ ਅੱਗੇ ਪੇਸ਼ ਕਰਵਾਉਂਦੇ ਹਨ | ਇਹ ਸੰਵਿਧਾਨਕ ਲਾਜ਼ਮੀ ਪ੍ਰਕਿਰਿਆ ਸਿਰਫ਼ ਇਕ ਰਸਮੀ ਕਾਰਵਾਈ ਨਹੀਂ ਹੈ | ਇਹ ਵਿੱਤੀ ਪਾਰਦਰਸ਼ਤਾ, ਕਾਰਜਕਾਰੀ ਜ਼ਿੰਮੇਵਾਰੀ ਅਤੇ ਸਰਕਾਰੀ ਵਿੱਤ 'ਤੇ ਵਿਧਾਨ ਸਭਾ ਦੀ ਸਰਬਉੱਚ ਅਥਾਰਟੀ ਨੂੰ ਯਕੀਨੀ ਬਣਾਉਣ ਲਈ ਬਣਾਇਆ ਗਿਆ ਇਕ ਬੁਨਿਆਦੀ ਪ੍ਰਬੰਧ ਹੈ | ਫਾਇਨੈਂਸ ਖਾਤਿਆਂ, ਅਪ੍ਰੋਪ੍ਰੀਏਸ਼ਨ ਖਾਤਿਆਂ ਅਤੇ ਆਡਿਟ ਰਿਪੋਰਟਾਂ ਨੂੰ ਵਿਧਾਨ ਸਭਾ ਅੱਗੇ ਰੱਖਣ ਨਾਲ ਸਦਨ ਦੇ ਮੈਂਬਰਾਂ ਨੂੰ ਰਾਜ ਦੀ ਵਿੱਤੀ ਪ੍ਰਬੰਧਨਾ ਦੀ ਜਾਂਚ ਇਕ ਸੁਤੰਤਰ ਸੰਵਿਧਾਨਕ ਆਡਿਟ ਦੇ ਆਧਾਰ 'ਤੇ ਕਰਨ ਦਾ ਮੌਕਾ ਮਿਲਦਾ ਹੈ | ਉਨ੍ਹਾਂ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਵਿੱਤੀ ਵਰ੍ਹਾ 2023-2024 ਅਤੇ 2024-2025 ਨਾਲ ਸੰਬੰਧਿਤ ਆਡਿਟ ਰਿਪੋਰਟਾਂ ਹੁਣ ਤੱਕ ਪੰਜਾਬ ਵਿਧਾਨ ਸਭਾ ਅੱਗੇ ਪੇਸ਼ ਨਹੀਂ ਕੀਤੀਆਂ ਗਈਆਂ | ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਇਹ ਰਿਪੋਰਟਾਂ ਜਨਤਕ ਮੰਚਾਂ 'ਤੇ, ਇਥੋਂ ਤੱਕ ਕਿ ਕੰਪਟਰੋਲਰ ਐਂਡ ਆਡੀਟਰ ਜਨਰਲ ਦੇ ਅਧਿਕਾਰਕ ਪਲੇਟਫਾਰਮ 'ਤੇ ਵੀ ਉਪਲਬਧ ਨਹੀਂ ਦਿਖਾਈ ਦਿੰਦੀਆਂ, ਜਿਸ ਕਾਰਨ ਵਿਧਾਇਕਾਂ ਅਤੇ ਨਾਗਰਿਕਾਂ ਨੂੰ ਇਨ੍ਹਾਂ ਮਹੱਤਵਪੂਰਨ ਸੰਵਿਧਾਨਕ ਦਸਤਾਵੇਜ਼ਾਂ ਤੱਕ ਪਹੁੰਚ ਨਹੀਂ ਮਿਲ ਰਹੀ | ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੱਲ੍ਹ ਵਿਧਾਨ ਸਭਾ ਵਿਚ ਇਸ ਮਾਮਲੇ ਨੂੰ ਕਾਂਗਰਸ ਵਿਧਾਇਕ ਜ਼ੋਰ-ਸ਼ੋਰ ਨਾਲ ਚੁੱਕਣਗੇ | ਇਸ ਦੇ ਇਲਾਵਾ ਕਾਂਗਰਸ ਦੇ ਵਫ਼ਦ ਨੇ ਰਾਜਪਾਲ ਨੂੰ ਕਿਹਾ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਵੱਡੀ ਸੰਖਿਆ 'ਚ ਬੈਂਡ-ਵਾਜੇ ਵਾਲਿਆਂ ਤੇ ਅਣਪਛਾਤੇ ਵਿਅਕਤੀਆਂ ਨੂੰ ਬਿਨਾਂ ਪਾਸ ਅਤੇ ਸਿਕਿਉਰਟੀ ਚੈੱਕ ਤੋਂ ਵਿਧਾਨ ਸਭਾ ਵਿਚ ਦਾਖਲ ਕਰਵਾਇਆ ਗਿਆ ਜੋ ਵਿਧਾਨ ਸਭਾ ਦੀ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦਾ ਸੀ, ਇਸ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ | ਰਾਜਪਾਲ ਨੂੰ ਮਿਲੇ ਵਫ਼ਦ ਵਿਚ ਰਾਣਾ ਗੁਰਜੀਤ ਸਿੰਘ, ਅਰੁਣਾ ਚੌਧਰੀ ਅਤੇ ਬਰਿੰਦਰਮੀਤ ਸਿੰਘ ਪਾਹੜਾ ਵੀ ਸ਼ਾਮਿਲ ਸਨ |
ਬਾਜਵਾ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਕਾਂਗਰਸ ਵਿਧਾਇਕਾਂ ਦਾ ਵਫ਼ਦ
ਅਜੀਤ ਡੈਸਕ
10-03-2026