ਕੇਂਦਰੀ ਗ੍ਰਹਿ ਮੰਤਰੀ ਕੋਲੋਂ ਜਵਾਬ ਦੇਣ ਦੀ ਕੀਤੀ ਮੰਗ
ਜਲੰਧਰ, 12 ਮਾਰਚ (ਜਸਪਾਲ ਸਿੰਘ, ਹਰਵਿੰਦਰ ਸਿੰਘ ਫੁੱਲ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਦੀ ਪ੍ਰਸਤਾਵਿਤ ਮੋਗਾ ਰੈਲੀ ਤੋਂ ਪਹਿਲਾਂ ਦਲ ਖਾਲਸਾ ਤੇ ਹੋਰਨਾਂ ਪੰਥਕ ਜਥੇਬੰਦੀਆਂ ਵਲੋਂ ਕਰਵਾਏ ਗਏ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰੀ ਗ੍ਰਹਿ ਮੰਤਰੀ ਦੀ ਇਸ ਬਦਲਾਅ ਰੈਲੀ ਨੂੰ ਬਦਲਾ ਲਊ ਰੈਲੀ ਕਰਾਰ ਦਿੰਦੇ ਹੋਏ ਕਿਹਾ ਕਿ ਭਾਜਪਾ ਦੀ ਸੋਚ ਪੰਥ ਤੇ ਪੰਜਾਬ ਵਿਰੋਧੀ ਹੈ | ਪੰਥਕ ਸੰਮੇਲਨ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਲ ਖਾਲਸਾ ਦੇ ਆਗੂਆਂ ਭਾਈ ਪਰਮਜੀਤ ਸਿੰਘ ਮੰਡ ਤੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਸੂਬੇ ਅੰਦਰ ਬਦਲਾਅ ਦਾ ਨਾਅਰਾ ਦੇਣ ਤੋਂ ਪਹਿਲਾਂ ਪੰਜਾਬ ਅਤੇ ਪੰਥ ਨਾਲ ਜੁੜੇ ਮਸਲਿਆਂ ਦੇ ਜਵਾਬ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਇਹ ਪੁੱਛਣਾ ਚਾਹੁੰਦੇ ਹਨ ਕਿ ਬੰਦੀ ਸਿੰਘ ਕਦੋੋਂ ਰਿਹਾਅ ਹੋਣਗੇ, ਵਿਦੇਸ਼ਾਂ 'ਚ ਸਿੱਖ ਆਗੂਆਂ ਦਾ ਕਤਲੇਆਮ ਕਦੋਂ ਰੁਕੇਗਾ, ਪੰਜਾਬ 'ਚ ਫਰਜ਼ੀ ਪੁਲਿਸ ਮੁਕਾਬਲੇ ਕਦੋਂ ਬੰਦ ਹੋਣਗੇ, ਬਿਨਾਂ ਕਿਸੇ ਦੋਸ਼ ਦੇ ਐਨ. ਐਸ. ਏ. ਤਹਿਤ ਨਜ਼ਰਬੰਦ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਨੂੰ ਕਦੋਂ ਰਿਹਾਅ ਕੀਤਾ ਜਾਵੇਗਾ ਤੇ ਸ਼੍ਰੋਮਣੀ ਕਮੇਟੀ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ ਆਦਿ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਕੇਂਦਰੀ ਗ੍ਰਹਿ ਮੰਤਰੀ ਨੂੰ ਮੋਗਾ ਰੈਲੀ ਦੌਰਾਨ ਜਵਾਬ ਦੇ ਕੇ ਜਾਣਾ ਚਾਹੀਦਾ ਹੈ | ਉਨ੍ਹਾਂ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਨਫਰਤ ਭਰੇ ਵਤੀਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਸਲ 'ਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਦਿੱਲੀ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਨੂੰ ਚੁਣੌਤੀ ਦੇਣ ਕਾਰਨ ਪੰਜਾਬ ਅਤੇ ਸਿੱਖਾਂ ਨੂੰ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ | ਇਸ ਮੌਕੇ ਜਸਟਿਸ ਸੇਵਾਮੁਕਤ ਰਣਜੀਤ ਸਿੰਘ ਨੇ ਵੀ ਸੂਬੇ ਦੇ ਹੱਕਾਂ ਤੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੀ ਗੱਲ ਕਰਦੇ ਹੋਏ ਪੰਥਕ ਮਸਲਿਆਂ ਪ੍ਰਤੀ ਸਰਕਾਰਾਂ ਦੀ ਗੈਰ ਸੰਵੇਦਨਸ਼ੀਲਤਾ ਦਾ ਮੁੱਦਾ ਉਠਾਇਆ | ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅਮਿਤ ਸ਼ਾਹ ਦੀ ਫੇਰੀ ਦੇ ਵਿਰੋਧ ਦਾ ਸੱਦਾ ਦਿੰਦਿਆਂ ਕਿਹਾ ਕਿ ਪਾਰਟੀ ਕਾਰਕੁੰਨ ਆਪੋ ਆਪਣੇ ਘਰਾਂ 'ਤੇ ਕਾਲੀਆਂ ਝੰਡੀਆਂ ਲਗਾ ਕੇ ਵਿਰੋਧ ਕਰਨਗੇ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਪ੍ਰੋ. ਜਗਮੋਹਨ ਸਿੰਘ, ਬਾਪੂ ਤਰਸੇਮ ਸਿੰਘ, ਨਰਾਇਣ ਸਿੰਘ ਚੌੜਾ, ਜਗਜੀਤ ਸਿੰਘ ਗਾਬਾ, ਸੁਖਜੀਤ ਸਿੰਘ ਡਰੋਲੀ ਅਤੇ ਹੋਰ ਆਗੂ ਵੀ ਮੌਜੂਦ ਸਨ |
ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਦਲ ਖ਼ਾਲਸਾ ਨੇ ਪੰਥਕ ਮਸਲਿਆਂ ਸੰਬੰਧੀ ਉਠਾਏ ਸਵਾਲ
ਜਲੰਧਰ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਲ ਖਾਲਸਾ ਦੇ ਆਗੂ ਭਾਈ ਪਰਮਜੀਤ ਸਿੰਘ ਮੰਡ, ਨਾਲ ਸਿਮਰਨਜੀਤ ਸਿੰਘ ਮਾਨ, ਕਰਨੈਲ ਸਿੰਘ ਪੰਜੋਲੀ, ਜਸਟਿਸ ਰਣਜੀਤ ਸਿੰਘ ਤੇ ਭਾਈ ਕੰਵਰਪਾਲ ਸਿੰਘ ਤੇ ਹੋਰ | ਤਸਵੀਰ : ਜੀ. ਪੀ. ਸਿੰਘ<br/>
13-03-2026