ਮੂਣਕ (ਸੰਗਰੂਰ), 27 ਮਾਰਚ (ਕੇਵਲ ਸਿੰਗਲਾ)-ਪੰਜਾਬ 'ਚ ਇਸ ਸਾਲ ਕਣਕ ਦੀ ਫ਼ਸਲ ਦੀ ਬੰਪਰ ਪੈਦਾਵਾਰ ਦੀ ਉਮੀਦ ਹੈ, ਪਰ ਇਸ ਦੇ ਨਾਲ ਹੀ ਬਾਰਦਾਨੇ (ਜੂਟ ਦੇ ਬੋਰੇ) ਦੀ ਸੰਭਾਵੀ ਘਾਟ ਨੇ ਮੰਡੀਆਂ 'ਚ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਸੂਬੇ 'ਚ ਲਗਪਗ 35 ਲੱਖ ਹੈਕਟੇਅਰ 'ਚ ਕਣਕ ਦੀ ਬਿਜਾਈ ਹੋਈ ਹੈ ਅਤੇ ਕਰੀਬ 130 ਲੱਖ ਟਨ ਕਣਕ ਦੀ ਸਰਕਾਰੀ ਖ਼ਰੀਦ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਇਸ ਪੈਦਾਵਾਰ ਨੂੰ ਸੰਭਾਲਣ ਲਈ ਲਗਭਗ 26 ਕਰੋੜ ਬੋਰੀਆਂ ਦੀ ਲੋੜ ਹੈ, ਜਦਕਿ ਮੌਜੂਦਾ ਸਮੇਂ ਸਰਕਾਰ ਕੋਲ ਕੇਵਲ 21 ਕਰੋੜ ਬੋਰੀਆਂ ਹੀ ਉਪਲਬਧ ਹਨ | ਇਸ ਤਰ੍ਹਾਂ ਲਗਭਗ 5 ਕਰੋੜ ਬੋਰੀਆਂ ਦੀ ਘਾਟ ਚਿੰਤਾ ਦਾ ਵਿਸ਼ਾ ਬਣ ਗਈ ਹੈ | ਜਾਣਕਾਰੀ ਅਨੁਸਾਰ ਸਰਕਾਰ ਵਲੋਂ ਪਹਿਲਾਂ ਪੰਜ ਕਰੋੜ ਪਲਾਸਟਿਕ ਬੋਰੀਆਂ ਖ਼ਰੀਦਣ ਦੀ ਯੋਜਨਾ ਬਣਾਈ ਗਈ ਸੀ, ਪਰ ਮੱਧ ਪੂਰਬ 'ਚ ਜਾਰੀ ਜੰਗ ਕਾਰਨ ਪਲਾਸਟਿਕ ਦੇ ਭਾਅ 'ਚ ਵਾਧਾ ਹੋ ਗਿਆ ਅਤੇ ਸਪਲਾਇਰਾਂ ਨੇ ਸਪਲਾਈ ਕਰਨ ਤੋਂ ਹੱਥ ਖਿੱਚ ਲਿਆ | ਹੁਣ ਸਰਕਾਰ ਵਲੋਂ ਵਰਤੇ ਹੋਏ ਬਾਰਦਾਨੇ ਦੀ ਖ਼ਰੀਦ ਲਈ ਟੈਂਡਰ ਜਾਰੀ ਕੀਤੇ ਗਏ ਹਨ, ਤਾਂ ਜੋ ਘਾਟ ਨੂੰ ਪੂਰਾ ਕੀਤਾ ਜਾ ਸਕੇ | ਮੰਡੀ ਸਰੋਤਾਂ ਮੁਤਾਬਕ ਜੇ ਇਹ ਘਾਟ ਜਲਦੀ ਪੂਰੀ ਨਾ ਕੀਤੀ ਗਈ ਤਾਂ ਕਣਕ ਦੀ ਉਠਾਣ ਅਤੇ ਭੰਡਾਰ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ | ਦੂਜੇ ਪਾਸੇ ਕਿਸਾਨ ਪਹਿਲਾਂ ਹੀ ਡੀਜ਼ਲ ਅਤੇ ਖਾਦਾਂ ਦੀ ਸੰਭਾਵਿਤ ਘਾਟ ਕਾਰਨ ਚਿੰਤਤ ਹਨ | ਖੇਤੀ ਦੀ ਲਾਗਤ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਜੇ ਮੰਡੀਆਂ ਵਿਚ ਬਾਰਦਾਨਾ ਵੀ ਸਮੇਂ 'ਤੇ ਉਪਲਬਧ ਨਾ ਹੋਇਆ ਤਾਂ ਉਨ੍ਹਾਂ ਨੂੰ ਹੋਰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਪਿਛਲੇ ਸਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਦੀਆਂ ਮੰਡੀਆਂ 'ਚ ਕਰੀਬ 126 ਲੱਖ ਮੀਟਿ੍ਕ ਟਨ ਕਣਕ ਆਈ ਸੀ, ਜਿਸ 'ਚੋਂ 115 ਲੱਖ ਮੀਟਿ੍ਕ ਟਨ ਸਰਕਾਰੀ ਏਜੰਸੀਆਂ ਨੇ ਖਰੀਦੀ ਅਤੇ 11 ਲੱਖ ਮੀਟਿ੍ਕ ਟਨ ਨਿੱਜੀ ਵਪਾਰੀਆਂ ਵਲੋਂ ਖਰੀਦੀ ਗਈ ਸੀ | ਇਸ ਸਾਲ ਕਣਕ ਦੇ ਭਾਅ ਐਮ.ਐਸ.ਪੀ. ਤੋਂ ਘੱਟ ਰਹਿਣ ਦੀ ਸੰਭਾਵਨਾ ਕਾਰਨ ਨਿੱਜੀ ਵਪਾਰੀ ਘੱਟ ਖ਼ਰੀਦ ਕਰਨਗੇ ਅਤੇ ਵੱਡੇ ਕਿਸਾਨ ਵੀ ਭੰਡਾਰ ਕਰਨ ਤੋਂ ਹਿਚਕਚਾ ਸਕਦੇ ਹਨ | ਇਸ ਨਾਲ ਸਰਕਾਰੀ ਖ਼ਰੀਦ 'ਤੇ ਵੱਧ ਭਾਰ ਪੈਣ ਦੀ ਸੰਭਾਵਨਾ ਹੈ | ਉਪਰੋਂ ਕਣਕ ਦੀ ਵਾਢੀ ਅਤੇ ਵਿਕਰੀ ਦਾ ਸਮਾਂ ਵੀ ਬਹੁਤ ਸੀਮਿਤ ਹੁੰਦਾ ਹੈ, ਜੋ ਲਗਭਗ 15 ਦਿਨਾਂ ਤੋਂ ਵੀ ਘੱਟ ਰਹਿੰਦਾ ਹੈ | ਅਜਿਹੀ ਸਥਿਤੀ ਵਿਚ ਜੇ ਬਾਰਦਾਨੇ ਦੀ ਘਾਟ ਬਰਕਰਾਰ ਰਹੀ ਤਾਂ ਮੰਡੀਆਂ ਵਿਚ ਅਫਰਾ-ਤਫਰੀ ਦਾ ਮਾਹੌਲ ਬਣ ਸਕਦਾ ਹੈ |