ਫ਼ਿਰੋਜ਼ਪੁਰ, 27 ਮਾਰਚ (ਰਾਕੇਸ਼ ਚਾਵਲਾ)-ਰੇਲਵੇ ਵਿਭਾਗ ਵਲੋਂ ਬਿਆਸ ਵਿਖੇ ਰਾਧਾ ਸੁਆਮੀ ਸਤਿਸੰਗ ਵਿਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਫਿਰੋਜ਼ਪੁਰ ਪਰਮਦੀਪ ਸਿੰਘ ਸੈਣੀ ਅਨੁਸਾਰ ਰੇਲਵੇ ਨੇ ਹਜ਼ਰਤ ਨਿਜ਼ਾਮੁਦੀਨ-ਬਿਆਸ ਅਤੇ ਸਹਾਰਨਪੁਰ-ਬਿਆਸ ਵਿਚਕਾਰ ਵਿਸ਼ੇਸ਼ ਮੇਲ ਐਕਸਪੈੱ੍ਰਸ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਹਜ਼ਰਤ ਨਿਜ਼ਾਮੁਦੀਨ-ਬਿਆਸ-ਹਜ਼ਰਤ ਨਿਜ਼ਾਮੁਦੀਨ 04451/04452 ਇਹ ਵਿਸ਼ੇਸ਼ ਟਰੇਨ ਸ਼ਰਧਾਲੂਆਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਦੋ ਗੇੜੇ ਲਗਾਏਗੀ | 04451 ਇਹ ਟਰੇਨ ਹਜ਼ਰਤ ਨਿਜ਼ਾਮੁਦੀਨ ਤੋਂ 23 ਅਪ੍ਰੈਲ 2026 ਅਤੇ 7 ਮਈ 2026 ਨੂੰ ਸ਼ਾਮ 19.40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4.05 ਵਜੇ ਬਿਆਸ ਪਹੁੰਚੇਗੀ | 04452 ਵਾਪਸੀ 'ਤੇ ਇਹ ਟਰੇਨ ਬਿਆਸ ਤੋਂ 26 ਅਪ੍ਰੈਲ 2026 ਅਤੇ 10 ਮਈ 2026 ਨੂੰ ਰਾਤ 20.35 ਵਜੇ ਚੱਲੇਗੀ ਅਤੇ ਸਵੇਰੇ 4 ਵਜੇ ਹਜ਼ਰਤ ਨਿਜ਼ਾਮੁਦੀਨ ਪਹੁੰਚੇਗੀ | ਇਹ ਟਰੇਨ ਰਸਤੇ ਵਿਚ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ | ਸਹਾਰਨਪੁਰ-ਬਿਆਸ-ਸਹਾਰਨਪੁਰ 04565/04566 ਇਹ ਟਰੇਨ ਸਹਾਰਨਪੁਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਤਿੰਨ ਗੇੜੇ ਲਗਾਏਗੀ | 04565 ਇਹ ਟਰੇਨ ਸਹਾਰਨਪੁਰ ਤੋਂ 24 ਅਪ੍ਰੈਲ, 1 ਮਈ ਅਤੇ 8 ਮਈ 2026 ਨੂੰ ਰਾਤ 20.50 ਵਜੇ ਚੱਲੇਗੀ ਅਤੇ ਸਵੇਰੇ 02.15 ਵਜੇ ਬਿਆਸ ਪਹੁੰਚੇਗੀ | ਇਹ ਟਰੇਨ ਨੰਬਰ 04566 ਵਾਪਸੀ ਦੀ ਗੱਡੀ ਬਿਆਸ ਤੋਂ 26 ਅਪ੍ਰੈਲ, 3 ਮਈ ਅਤੇ 10 ਮਈ 2026 ਨੂੰ ਦੁਪਹਿਰ ਬਾਅਦ 15.00 ਵਜੇ ਰਵਾਨਾ ਹੋ ਕੇ ਰਾਤ 21.10 ਵਜੇ ਸਹਾਰਨਪੁਰ ਪਹੁੰਚੇਗੀ | ਇਹ ਟਰੇਨ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ 'ਤੇ ਰੁਕੇਗੀ | ਰੇਲਵੇ ਦੇ ਇਸ ਫ਼ੈਸਲੇ ਨਾਲ ਸਤਿਸੰਗ ਦੌਰਾਨ ਹੋਣ ਵਾਲੀ ਭੀੜ ਤੋਂ ਰਾਹਤ ਮਿਲੇਗੀ ਅਤੇ ਸੰਗਤਾਂ ਨੂੰ ਆਉਣ-ਜਾਣ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ |