03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕੈਨੇਡਾ 'ਚ ਪੰਜਾਬੀ ਭਾਸ਼ਾ ਦਾ ਘੇਰਾ ਹੋਰ ਵਿਸ਼ਾਲ ਹੋਇਆ-ਬਲਵੰਤ ਸਿੰਘ ਸੰਘੇੜਾ

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਜਲੰਧਰ, 27 ਮਾਰਚ-ਕੈਨੇਡਾ 'ਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੰਮ ਕਰ ਰਹੇ ਉੱਘੇ ਐਨ. ਆਰ. ਆਈ. ਤੇ ਪੰਜਾਬੀ ਲੈਂਗੁਏਜ ਐਜੁਕੇਸ਼ਨ ਐਸੋਸੀਏਸ਼ਨ ਆਫ਼ ਕੈਨੇਡਾ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਕਿਹਾ ਕਿ ਕੈਨੇਡਾ 'ਚ ਪੰਜਾਬੀ ਭਾਸ਼ਾ ਦਾ ਘੇਰਾ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ ਤੇ ਪੰਜਾਬੀ ਹੁਣ ਕੇਵਲ ਕੈਨੇਡਾ ਦੇ ਹਵਾਈ ਅੱਡਿਆਂ 'ਤੇ ਪੰਜਾਬੀ ਭਾਸ਼ਾ 'ਚ ਲੱਗੇ ਬੋਰਡਾਂ ਤੱਕ ਹੀ ਸੀਮਤ ਨਹੀਂ ਰਹੀ, ਬਲਕਿ ਹੁਣ ਜਿੱਥੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਵੀ ਪੰਜਾਬੀ ਭਾਸ਼ਾ 'ਚ ਗੱਲ ਕੀਤੀ ਜਾ ਸਕਦੀ ਹੈ, ਉਥੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਵੀ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਵਾਈ ਜਾਣ ਲੱਗੀ ਹੈ | 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਕੈਨੇਡਾ 'ਚ ਪੰਜਾਬੀ ਭਾਸ਼ਾ ਨੂੰ ਤੀਸਰਾ ਦਰਜਾ ਦਿੱਤਾ ਗਿਆ ਹੈ ਤੇ ਕਈ ਥਾਵਾਂ 'ਤੇ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਤੱਕ ਬਣ ਗਈ ਹੈ | ਸੇਵਾ ਮੁਕਤ ਸਕੂਲ ਮਨੋਵਿਗਿਆਨੀ ਸੰਘੇੜਾ ਨੇ ਕਿਹਾ ਕਿ ਅੱਜ ਸਰੀ ਦੇ ਜ਼ਿਆਦਾਤਰ ਸਕੂਲਾਂ-ਕਾਲਜਾਂ 'ਚ ਜਿੱਥੇ ਪੰਜਾਬੀ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ, ਉਥੇ ਚਾਰ ਯੂਨੀਵਰਸਿਟੀਆਂ 'ਚ ਵੀ ਪੰਜਾਬੀ ਭਾਸ਼ਾ ਦੀ ਸਿੱਖਿਆ ਦਿੱਤੀ ਜਾ ਰਹੀ ਹੈ | ਇਸੇ ਤਰ੍ਹਾਂ ਮੈਟਰੋ ਹਸਪਤਾਲ 'ਚ ਪੰਜਾਬੀ ਭਾਸ਼ਾ 'ਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਕੈਨੇਡਾ ਦੇ ਵੱਡੇ-ਵੱਡੇ ਸ਼ਹਿਰਾਂ 'ਚ ਅਨੇਕਾਂ ਕਾਰੋਬਾਰੀ ਅਦਾਰਿਆਂ ਤੇ ਸਟੋਰਾਂ ਦੇ ਬੋਰਡ ਪੰਜਾਬੀ 'ਚ ਲੱਗੇ ਹੋਏ ਹਨ | ਬਲਵੰਤ ਸਿੰਘ ਸੰਘੇੜਾ ਨੇ ਕਿਹਾ ਕਿ ਜਦੋਂ ਉਹ ਕੈਨੇਡਾ ਗਏ ਤਾਂ ਉਹ 40 ਅਧਿਅਪਕਾਂ ਵਿਚੋਂ ਇਕੋ ਇਕ ਪੰਜਾਬੀ ਪੜ੍ਹਾਉਣ ਵਾਲੇ ਸਨ ਤੇ ਉਥੋਂ ਹੀ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਯਤਨ ਕਰਨ ਦਾ ਤਹੱਈਆ ਕਰ ਲਿਆ ਸੀ | ਐਸੋਸੀਏਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ 10-12 ਮੈਂਬਰਾਂ ਵਲੋਂ ਕੀਤੀ ਗਈ ਸੀ ਪਰ ਹੁਣ ਇਸ ਦੇ ਮੈਂਬਰਾਂ ਦੇ ਗਿਣਤੀ 30 ਦੇ ਕਰੀਬ ਪਹੁੰਚ ਚੁੱਕੀ ਹੈ ਤੇ ਇਸ ਵਿਚ ਸੇਵਾਮੁਕਤ ਅਧਿਆਪਕ ਤੇ ਕਾਰੋਬਾਰੀ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਹਰ ਸਾਲ ਮਾਂ-ਬੋਲੀ ਦਿਵਸ ਨੂੰ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ ਤੇ ਇਸ ਕੰਮ 'ਚ ਪੰਜਾਬੀ ਭਾਈਚਾਰੇ ਵਲੋਂ ਉਨ੍ਹਾਂ ਦਾ ਵਧ-ਚੜ੍ਹ ਕੇ ਸਾਥ ਦਿੱਤਾ ਜਾਂਦਾ ਹੈ | ਕੈਨੇਡਾ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦਾ ਵੀ ਉਨ੍ਹਾਂ ਨੂੰ ਹਮੇਸ਼ਾ ਸਾਥ ਮਿਲਦਾ ਰਿਹਾ ਹੈ | ਇਸ ਮੌਕੇ ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਸਮੇਂ ਕੈਨੇਡਾ 'ਚ ਪੰਜਾਬੀ ਨੂੰ ਚੀਨੀ ਭਾਸ਼ਾ ਤੋਂ ਖਤਰਾ ਹੈ ਤੇ ਚੀਨੀ ਭਾਸ਼ਾ ਨੂੰ ਮਾਤ ਦੇਣ ਲਈ ਪੰਜਾਬੀ ਭਾਈਚਾਰੇ ਨੂੰ ਆਪਣੀ ਭਾਸ਼ਾ ਪੰਜਾਬੀ ਲਿਖਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਮੇਂ ਸਕੂਲਾਂ 'ਚ ਪੰਜਾਬੀ ਦੀ ਪੜ੍ਹਾਈ 5ਵੀਂ ਤੋਂ 8ਵੀਂ ਕਲਾਸ ਤੱਕ ਲਾਜ਼ਮੀ ਹੈ ਪਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਨੂੰ ਚੌਥੀ ਤੋਂ ਸੱਤਵੀਂ ਕਲਾਸ ਤੱਕ ਕਰਵਾਇਆ ਜਾਵੇ ਤੇ ਬਾਅਦ 'ਚ ਇਸ ਨੂੰ ਆਪਸ਼ਨਲ ਵਿਸ਼ਾ ਐਲਾਨਿਆ ਜਾਵੇ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ 'ਚ ਵੀ ਹੁਣ ਪੰਜਾਬੀ ਪ੍ਰਤੀ ਲੋਕਾਂ ਦੀ ਮਾਨਸਿਕਤਾ ਬਦਲੀ ਹੈ ਤੇ ਲੋਕ ਇਸ ਨੂੰ ਤਰਜੀਹ ਦੇਣ ਲੱਗੇ ਹਨ ਤੇ ਵਧੀਆ ਗੱਲ ਇਹ ਹੈ ਕਿ ਕੈਨੇਡਾ 'ਚ ਗੋਰੇ ਵੀ ਪੰਜਾਬੀ ਦੀ ਪੜ੍ਹਾਈ 'ਚ ਰੁਚੀ ਦਿਖਾਉਣ ਲੱਗੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਬੋਲਣ, ਲਿਖਣ ਤੇ ਪੜ੍ਹਨ 'ਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਵੇਰਕਾ ਦਾ ਜੀ.ਐਮ. ਤੇ ਦੋ ਹੋਰ ਮੁਅੱਤਲ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਅੱਜ
Ad Position 24