ਚੱਬਾ (ਅੰਮਿ੍ਤਸਰ), 27 ਮਾਰਚ (ਜੱਸਾ ਅਨਜਾਣ)-ਸ਼੍ਰੋਮਣੀ ਪੰਥ ਅਕਾਲੀ ਸ੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ 14ਵੇਂ ਮੁਖੀ ਜਥੇ. ਬਾਬਾ ਮੱਖਣ ਸਿੰਘ ਤੇ 15ਵੇਂ ਮੁਖੀ ਜਥੇ. ਬਾਬਾ ਗੱਜਣ ਸਿੰਘ ਦੇ ਬਰਸੀ ਸਮਾਗਮ ਸੰਤ ਬਾਬਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਅਤੇ ਸੰਗਤ ਦੇ ਸਹਿਯੋਗ ਨਾਲ 31 ਮਾਰਚ ਮੰਗਲਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਨੋਧ ਸਿੰਘ ਤਰਨ ਤਾਰਨ ਰੋਡ ਚੱਬਾ ਵਿਖੇ ਮਨਾਏ ਜਾ ਰਹੇ ਹਨ | ਇਹ ਪ੍ਰਗਟਾਵਾ ਕਰਦਿਆਂ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬ ਜਥੇ. ਬਾਬਾ ਮੱਖਣ ਸਿੰਘ ਤੇ ਸਿੰਘ ਸਾਹਿਬ ਜਥੇ. ਬਾਬਾ ਗੱਜਣ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਦੇ ਸੰਬੰਧ 'ਚ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਪਾਠ 29 ਮਾਰਚ ਐਤਵਾਰ ਨੂੰ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 31 ਮਾਰਚ ਦਿਨ ਮੰਗਲਵਾਰ ਨੂੰ ਪੈਣ ਉਪਰੰਤ ਵਿਸ਼ਾਲ ਦੀਵਾਨ ਸੱਜਣਗੇ, ਜਿਸ ਵਿਚ ਸੰਤ ਮਹਾਂਪੁਰਸ਼, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਤਖ਼ਤਾਂ ਦੇ ਜਥੇਦਾਰ, ਸਿੰਘ ਸਾਹਿਬਾਨ, ਨਿਰਮਲੇ ਤੇ ਉਦਾਸੀਨ ਸੰਤ, ਕਾਰ ਸੇਵਾ ਵਾਲੇ ਮਹਾਂਪੁਰਸ਼, ਕਥਾਵਾਚਕ, ਰਾਗੀ, ਢਾਡੀ ਅਤੇ ਕਵੀਸ਼ਰਜਨ ਵੀ ਹਾਜ਼ਰੀਆਂ ਭਰਨਗੇ | ਬਰਸੀ ਸਮਾਗਮ 'ਚ ਦੇਸ਼-ਵਿਦੇਸ਼ ਤੋਂ ਪੁੱਜ ਰਹੀਆਂ ਸੰਗਤਾਂ ਦੇ ਠਹਿਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ | ਸਿੰਘ ਸਾਹਿਬ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਕਬੱਡੀ ਟੀਮਾਂ ਵਿਚਾਲੇ ਕਬੱਡੀ ਕੱਪ ਵੀ ਕਰਵਾਇਆ ਜਾਵੇਗਾ ਤੇ ਦਲ ਪੰਥ ਦੀਆਂ ਨਿਹੰਗ ਸਿੰਘ ਫੌਜਾਂ ਵਲੋਂ ਖਾਲਸਾਈ ਖੇਡਾਂ ਦਾ ਪ੍ਰਦਰਸ਼ਨ ਵੀ ਹੋਵੇਗਾ |