05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

21 ਜਨਵਰੀ ਤੋਂ ਲੈ ਕੇ ਹੁਣ ਤੱਕ ਗੈਂਗਸਟਰ ਵਿਰੋਧੀ ਹੈਲਪਲਾਈਨ 'ਤੇ 590 ਸੂਚਨਾਵਾਂ ਪ੍ਰਾਪਤ ਹੋਈਆਂ-ਡੀ.ਆਈ.ਜੀ. ਚੌਹਾਨ

Ad Position 21
No active advertisement
ਅਜੀਤ ਡੈਸਕ 28-03-2026
ਐੱਸ. ਏ. ਐੱਸ. ਨਗਰ, 27 ਮਾਰਚ (ਪ੍ਰੋ. ਅਵਤਾਰ ਸਿੰਘ)-ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਦੇ ਉਦੇਸ਼ ਤਹਿਤ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਨੇ ਐਂਟੀ-ਗੈਂਗਸਟਰ ਹੈਲਪਲਾਈਨ 93946-93946 ਰਾਹੀਂ ਮਹੱਤਵਪੂਰਨ ਮੀਲ ਪੱਥਰ ਹਾਸਿਲ ਕੀਤੇ ਹਨ। ਇਸ ਪਹਿਲਕਦਮੀ ਬਾਰੇ ਮੁਹਾਲੀ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਏ. ਜੀ. ਟੀ. ਐਫ. ਦੇ ਡੀ. ਆਈ. ਜੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਹੈਲਪਲਾਈਨ 'ਤੇ ਹੁਣ ਤੱਕ ਕੁੱਲ 590 ਸੂਚਨਾਵਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚੋਂ 83 ਨਸ਼ਿਆਂ, 35 ਜਬਰੀ ਵਸੂਲੀ, 43 ਗੈਂਗਸਟਰਾਂ, 86 ਗ਼ੈਰਕਾਨੂੰਨੀ ਹਥਿਆਰਾਂ, 74 ਨਿੱਜੀ ਦੁਸ਼ਮਣੀ, 13 ਡਕੈਤੀ/ਚੋਰੀ, 11 ਭਗੌੜੇ ਅਪਰਾਧੀਆਂ ਅਤੇ ਦੋ ਇੰਮੀਗ੍ਰੇਸ਼ਨ ਧੋਖਾਧੜੀ ਨਾਲ ਸੰਬੰਧਿਤ ਹਨ, ਜਦਕਿ 97 ਮਾਮਲਿਆਂ ਨੂੰ ਹੋਰਨਾਂ ਅਪਰਾਧਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹੈਲਪਲਾਈਨ 'ਤੇ ਲੋਕਾਂ ਵਲੋਂ ਮਿਲੀਆਂ ਸੂਚਨਾਵਾਂ ਦੇ ਆਧਾਰ 'ਤੇ 63 ਐਫ. ਆਈ. ਆਰਜ਼ ਦਰਜ ਹੋਈਆਂ ਹਨ, ਜਿਨ੍ਹਾਂ ਤਹਿਤ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 21 ਪ੍ਰੀਵੈਂਟਿਵ ਡਿਟੈਂਸ਼ਨ ਦੇ ਮਾਮਲੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਹੈਲਪਲਾਈਨ 'ਤੇ ਸਿਰਫ਼ ਜਬਰੀ ਵਸੂਲੀ ਨਾਲ ਸੰਬੰਧਿਤ ਮਾਮਲਿਆਂ ਦੀ ਹੀ ਨਹੀਂ, ਸਗੋਂ ਕਿਸੇ ਵੀ ਸ਼ੱਕੀ ਗੈਂਗਸਟਰ, ਅਪਰਾਧੀ ਜਾਂ ਸਮਾਜ ਵਿਰੋਧੀ ਗਤੀਵਿਧੀਆਂ ਦੀ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਡੀ. ਆਈ. ਜੀ. ਵਿਦੇਸ਼ਾਂ 'ਚ ਬੈਠੇ ਸਮਾਜ ਵਿਰੋਧੀ ਅਨਸਰਾਂ ਬਾਰੇ ਵੀ ਲੋਕਾਂ ਨੂੰ ਖ਼ਬਰਦਾਰ ਰਹਿਣ ਦੀ ਅਪੀਲ ਕਿਹਾ ਕਿ ਉਹ ਅਣਪਛਾਤੇ ਵਿਅਕਤੀਆਂ ਨਾਲ ਯੂ. ਪੀ. ਆਈ. ਜਾਂ ਹੋਰ ਡਿਜੀਟਲ ਸ੍ਰੋਤਾਂ ਰਾਹੀਂ ਵਿੱਤੀ ਲੈਣ-ਦੇਣ ਕਰਨ ਤੋਂ ਪ੍ਰਹੇਜ਼ ਕਰਨ। ਅਪਰਾਧ ਦੇ ਡਿਜ਼ੀਟਲ ਈਕੋ-ਸਿਸਟਮ 'ਤੇ ਕੀਤੀ ਗਈ ਸਖ਼ਤੀ ਬਾਰੇ ਡੀ. ਆਈ. ਜੀ. ਨੇ ਕਿਹਾ ਕਿ ਏ. ਜੀ. ਟੀ. ਐਫ. ਸੋਸ਼ਲ ਮੀਡੀਆ 'ਤੇ ਸਮਾਜ ਵਿਰੋਧੀ ਗਤੀਵਿਧੀਆਂ ਦੀ ਨਿਗਰਾਨੀ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਹਥਿਆਰਾਂ ਜਾਂ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 643 ਪੇਜ਼ਾਂ ਨੂੰ ਬਲਾਕ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪਹਿਲਾਂ ਹੀ ਵਿਦੇਸ਼ ਆਧਾਰਿਤ 61 ਗੈਂਗਸਟਰਾਂ ਦੀ ਪਛਾਣ ਕਰ ਚੁੱਕੀ ਹੈ, ਜਿਨ੍ਹਾਂ ਦੀ ਹਵਾਲਗੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ ਓ. ਐਫ. ਟੀ. ਈ. ਸੀ. ਸਥਾਪਿਤ ਕੀਤਾ ਗਿਆ ਹੈ। ਇਸੇ ਦੌਰਾਨ ਏ. ਜੀ. ਟੀ. ਐਫ. ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਉਂਦਿਆਂ ਡੀ. ਆਈ. ਜੀ. ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅਪ੍ਰੈਲ 2022 ਤੋਂ ਹੁਣ ਤੱਕ ਰਾਜ ਭਰ 'ਚ 1,111 ਗੈਂਗਸਟਰ/ਅਪਰਾਧੀ ਗਰੋਹਾਂ ਦਾ ਪਰਦਾਫਾਸ਼ ਕਰਦਿਆਂ 2,868 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ ਉਨ੍ਹਾਂ ਦੇ ਕਬਜ਼ੇ 'ਚੋਂ 2273 ਹਥਿਆਰ ਅਤੇ ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 656 ਵਾਹਨ ਬਰਾਮਦ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਗੁਰਦੁਆਰਾ ਕਮੇਟੀ ਦੇ ਬਜਟ ਨੂੰ ਲੈ ਕੇ ਜੁਡੀਸ਼ੀਅਲ ਕਮਿਸ਼ਨਰ ਨੇ ਸੁਣਾਇਆ ਅਹਿਮ ਫ਼ੈਸਲਾ <br/> ਅਗਲੀ ਖ਼ਬਰ ਅਮਰੀਕੀ ਡਾਲਰ 'ਤੇ ਹੁਣ ਹੋਣਗੇ ਟਰੰਪ ਦੇ ਦਸਤਖਤ <br/>
Ad Position 24
No active advertisement