ਅੰਮਿ੍ਤਸਰ, 28 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨੀ ਸਿਆਸਤਦਾਨ ਨਬੀਲ ਅਹਿਮਦ ਖ਼ਾਨ ਗਬੋਲ ਨੇ ਹਿੰਦੀ ਫ਼ਿਲਮ 'ਧੁਰੰਧਰ-2' 'ਚ ਭਾਰਤੀ ਅਭਿਨੇਤਾ ਰਾਕੇਸ਼ ਬੇਦੀ ਵਲੋਂ ਨਿਭਾਏ ਗਏ ਉਨ੍ਹਾਂ ਦੇ ਕਿਰਦਾਰ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਭਾਰਤ ਨੂੰ ਜਵਾਬ ਦੇਣ ਲਈ ਉਹ 'ਧੁਰੰਧਰ-3' ਬਣਾਉਣਗੇ, ਪਰ ਫ਼ਿਲਮ ਲਈ ਉਹ ਵੱਖਰੇ ਸਿਰਲੇਖ ਦੀ ਵਰਤੋਂ ਕਰਨਗੇ | ਸਿਆਸਤਦਾਨ ਗਬੋਲ ਨੇ ਰਾਕੇਸ਼ ਬੇਦੀ ਦੇ ਕਿਰਦਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਫ਼ਿਲਮ 'ਚ ਜ਼ਮੀਲ ਜਮਾਲੀ ਦਾ ਕਿਰਦਾਰ ਉਨ੍ਹਾਂ 'ਤੇ ਆਧਾਰਿਤ ਹੈ | ਹਾਲਾਂਕਿ, ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ ਭਾਰਤੀ ਜਾਸੂਸ ਨਹੀਂ ਹਨ | ਗਬੋਲ ਨੇ ਇਹ ਟਿੱਪਣੀ ਉਸ ਵੇਲੇ ਕੀਤੀ, ਜਦੋਂ ਉਨ੍ਹਾਂ ਤੋਂ ਇਕ ਪੱਤਰਕਾਰ ਨੇ ਪੁੱਛਿਆ ਕਿ ਫ਼ਿਲਮ ਧੁਰੰਧਰ 'ਚ ਤੁਹਾਨੂੰ ਰਾਅ ਏਜੰਟ ਵਜੋਂ ਵਿਖਾਇਆ ਗਿਆ ਹੈ | ਜੇਕਰ ਤੁਸੀਂ ਰਾਅ ਏਜੰਟ ਨਹੀਂ ਹੋ ਤਾਂ ਫ਼ਿਲਮ 'ਚ ਆਪਣੀ ਭੂਮਿਕਾ ਸਪਸ਼ਟ ਕਰੋ | ਗਬੋਲ ਨੇ 'ਧੁਰੰਧਰ-2' ਬਾਰੇ ਅੱਗੇ ਕਿਹਾ ਕਿ ਇਸ 'ਚ ਲਿਆਰੀ ਨੂੰ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਕੀਤਾ ਗਿਆ ਹੈ | ਪਾਕਿਸਤਾਨੀ ਸਿਆਸਤਦਾਨ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਸਖ਼ਤ ਜਵਾਬ ਦਿੱਤਾ ਜਾਵੇਗਾ |