ਮੰਡੀ ਗੋਬਿੰਦਗੜ੍ਹ, 28 ਮਾਰਚ (ਮੋਹਿਤ ਸਿੰਗਲਾ)-ਕੇਂਦਰ ਸਰਕਾਰ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਪੈਨ ਕਾਰਡ ਨਾਲ ਜੁੜੇ ਨਿਯਮਾਂ ਵਿਚ ਮਹੱਤਵਪੂਰਨ ਬਦਲਾਅ ਕਰਨ ਜਾ ਰਹੀ ਹੈ | 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਇਸ ਨਿਯਮ ਦੇ ਤਹਿਤ ਪੈਨ ਕਾਰਡ ਤੇ ਆਧਾਰ ਕਾਰਡ 'ਚ ਦਰਜ ਨਾਮ ਦਾ ਪੂਰੀ ਤਰ੍ਹਾਂ ਇੱਕੋ ਜਿਹਾ ਹੋਣਾ ਲਾਜ਼ਮੀ ਹੋਵੇਗਾ | ਜੇ ਦੋਹਾਂ ਦਸਤਾਵੇਜ਼ਾਂ ਵਿਚ ਨਾਮ ਵੱਖ-ਵੱਖ ਪਾਇਆ ਗਿਆ ਤਾਂ ਪੈਨ ਕਾਰਡ ਨੂੰ ਰੱਦ ਜਾਂ ਗੈਰ ਪ੍ਰਮਾਣਿਤ ਕੀਤਾ ਜਾ ਸਕਦਾ ਹੈ | ਸਰਕਾਰੀ ਸੂਤਰਾਂ ਅਨੁਸਾਰ ਹੁਣ ਪੈਨ ਵਿਚ ਦਰਜ ਨਾਮ ਨੂੰ ਆਧਾਰ ਦੇ ਰਿਕਾਰਡ ਨਾਲ ਸਖ਼ਤੀ ਨਾਲ ਮਿਲਾਇਆ ਜਾਵੇਗਾ | ਇਸ ਦਾ ਮਕਸਦ ਕਰਦਾਤਿਆਂ ਦੇ ਡਾਟਾ ਦਾ ਮੁਲਾਂਕਣ ਅਤੇ ਮਿਲਾਣ ਵਧਾਉਣ ਸਮੇਤ ਵਿੱਤੀ ਲੈਣ-ਦੇਣ ਵਿਚ ਪਛਾਣ ਸੰਬੰਧੀ ਗੜਬੜੀਆਂ ਨੂੰ ਰੋਕਣਾ ਹੈ | ਕਾਮਨ ਸਰਵਿਸ ਸੈਂਟਰ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੈਨ ਅਤੇ ਆਧਾਰ ਦੀ ਜਾਣਕਾਰੀ ਤੁਰੰਤ ਜਾਂਚ ਲੈਣ | ਜੇ ਨਾਮ ਵਿਚ ਕਿਸੇ ਵੀ ਤਰ੍ਹਾਂ ਦਾ ਅੰਤਰ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਓ, ਤਾਂ ਜੋ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਤੋਂ ਬਚਿਆ ਜਾ ਸਕੇ | ਪੈਨ ਕਾਰਡ ਵਿੱਚ ਨਾਮ ਅਪਡੇਟ ਕਰਨ ਲਈ ਨਾਗਰਿਕ ਐਨ. ਐਸ. ਡੀ. ਐਲ. ਜਾਂ ਯੂ. ਟੀ. ਆਈ. ਆਈ. ਟੀ. ਐਸ. ਐਲ. ਦੀ ਅਧਿਕਾਰਿਕ ਵੈੱਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਖ਼ਤੀ ਅਨੁਪਾਲਨ ਨੂੰ ਬਿਹਤਰ ਬਣਾਏਗੀ, ਪਰ ਸਮੇਂ 'ਤੇ ਸੁਧਾਰ ਨਾ ਕਰਨ ਵਾਲਿਆਂ ਨੂੰ ਬਾਅਦ ਵਿਚ ਲੰਬੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ |