ਚੰਡੀਗੜ੍ਹ, 28 ਮਾਰਚ (ਅਜੀਤ ਬਿਊਰੋ)- 'ਪੰਜਾਬ ਸਿੱਖੀਆ ਕ੍ਰਾਂਤੀ' ਮੁਹਿੰਮ ਤਹਿਤ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ਲਈ ਭਾਈਚਾਰਕ ਸ਼ਮੂਲੀਅਤ ਵਿਚ ਵਾਧਾ ਕਰਨ ਦੇ ਯਤਨਾਂ ਤਹਿਤ, ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸੂਬਾ ਪੱਧਰੀ ਮੈਗਾ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐਮ.) ਕਰਵਾਈ ਗਈ | ਉਸ ਤਹਿਤ ਇੱਕ ਦਿਨ ਵਿਚ 18 ਲੱਖ ਤੋਂ ਵੱਧ ਮਾਪਿਆਂ ਨੇ ਸ਼ਮੂਲੀਅਤ ਕੀਤੀ, ਜਿਸ ਨਾਲ ਇਹ ਦੇਸ਼ ਦੇ ਸਭ ਤੋਂ ਵੱਡੇ ਸਕੂਲ-ਸਮਾਜਿਕ ਸ਼ਮੂਲੀਅਤ ਵਾਲੇ ਅਭਿਆਸਾਂ ਵਿਚ ਸ਼ੁਮਾਰ ਹੋ ਗਈ | ਮੈਗਾ ਪੀ.ਟੀ.ਐਮ. ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਰੇ ਸਰਕਾਰੀ ਸਕੂਲਾਂ ਵਿਚ ਸਟੂਡੈਂਟ ਐਬਸੈਂਟ ਅਲਰਟ ਐਸ.ਐਮ.ਐਸ. ਸਿਸਟਮ ਨੂੰ ਲਾਗੂ ਕਰਨ ਦੀ ਯੋਜਨਾ ਬਾਰੇ ਦੱਸਿਆ ਜਿਸਦਾ ਉਦੇਸ਼ ਰੈਗੂਲਰ ਹਾਜ਼ਰੀ ਵਿਚ ਵਾਧਾ ਕਰਨਾ ਅਤੇ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ | ਐਸ. ਐਮ. ਐਸ. ਅਲਰਟ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੀ ਗੈਰਹਾਜ਼ਰੀ ਬਾਰੇ ਜਾਣਕਾਰੀ ਦੇਣਗੇ | ਇਹ ਕਦਮ ਜਵਾਬਦੇਹੀ ਨੂੰ ਉਤਸ਼ਾਹਿਤ ਕਰੇਗਾ | ਸਿੱਖਿਆ ਮੰਤਰੀ ਨੇ ਕਿਹਾ ਕਿ ਮਾਪਿਆਂ ਨੂੰ ਢਾਂਚਾਗਤ ਦਿਸ਼ਾ-ਨਿਰਦੇਸ਼ਾਂ ਤੇ ਵਿਚਾਰ ਵਟਾਂਦਰੇ ਰਾਹੀਂ ਸਟੂਡੈਂਟ ਐਬਸੈਂਟ ਅਲਰਟ ਐਸ.ਐਮ.ਐਸ. ਸਿਸਟਮ ਬਾਰੇ ਜਾਗਰੂਕ ਕੀਤਾ ਗਿਆ ਸੀ | ਮੈਗਾ ਪੀ.ਟੀ.ਐਮ. ਸਿਰਫ ਰਿਪੋਰਟ ਕਾਰਡ ਵੰਡ ਨਾਲ ਸਬੰਧਿਤ ਨਹੀਂ ਹੈ ਸਗੋਂ ਇਹ ਹਰੇਕ ਬੱਚੇ ਦੇ ਵਿਕਾਸ ਬਾਰੇ ਸੰਪੂਰਨ ਫੀਡਬੈਕ ਪੇਸ਼ ਕਰਦੀ ਹੈ | ਸਕੂਲਾਂ ਨੇ ਮਾਪਿਆਂ ਦੇ ਸਵਾਗਤ ਲਈ ਢੁੱਕਵਾਂ ਮਾਹੌਲ ਸਿਰਜਿਆ, ਪ੍ਰਦਰਸ਼ਨੀਆਂ ਰਾਹੀਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਪੇਸ਼ ਕੀਤੀ ਤੇ ਬਾਲਗ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਕੁੜੀਆਂ ਲਈ ਐਚ.ਪੀ.ਵੀ. ਟੀਕਾਕਰਨ 'ਤੇ ਧਿਆਨ ਕੇਂਦਰਿਤ ਕੀਤਾ | ਮੈਗਾ ਪੀ.ਟੀ.ਐਮ. ਨੂੰ ਸੂਬੇ ਦੇ ਸਿੱਖਿਆ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਦੱਸਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਰੇ ਸਰਕਾਰੀ ਸਕੂਲਾਂ ਵਲੋਂ ਇਹ ਪੂਰਾ ਦਿਨ ਵਿਸ਼ੇਸ਼ ਤੌਰ 'ਤੇ ਮਾਪਿਆਂ-ਅਧਿਆਪਕ-ਵਿਦਿਆਰਥੀਆਂ ਦੀ ਆਪਸੀ ਗੱਲਬਾਤ ਨੂੰ ਸਮਰਪਿਤ ਕੀਤਾ ਗਿਆ ਤੇ ਇੱਕ ਜਵਾਬਦੇਹ ਅਤੇ ਸਮਾਵੇਸ਼ੀ ਜਨਤਕ ਸਿੱਖਿਆ ਪ੍ਰਣਾਲੀ ਸਿਰਜਣ ਲਈ ਕਲਾਸਰੂਮਾਂ ਨੂੰ ਨਿਯਮਤ ਅਕਾਦਮਿਕ ਸਿੱਖਿਆ ਦੀ ਬਜਾਏ ਅਰਥਪੂਰਨ ਵਿਚਾਰਾਂ 'ਤੇ ਕੇਂਦਿ੍ਤ ਸਥਾਨਾਂ ਵਿਚ ਬਦਲ ਦਿੱਤਾ | ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਸਿਰਫ਼ ਬੁਨਿਆਦੀ ਢਾਂਚੇ ਬਾਰੇ ਨਹੀਂ ਹੈ, ਸਗੋਂ ਇਹ ਸਕੂਲਾਂ ਅਤੇ ਪਰਿਵਾਰਾਂ ਦਰਮਿਆਨ ਮਜ਼ਬੂਤ ਭਾਈਵਾਲੀ ਸਥਾਪਤ ਕਰਨ ਬਾਰੇ ਹੈ | ਮੈਗਾ ਪੀ.ਟੀ.ਐਮ. ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭਾਈਚਾਰਕ ਸ਼ਮੂਲੀਅਤ ਵਾਲੇ ਸਿੱਖਿਆ ਸੁਧਾਰਾਂ ਪ੍ਰਤੀ ਦਿ੍ੜ੍ਹ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ |