'ਬੋਰੇ' ਕੰਪਨੀ ਦੀ ਚਾਹ ਪੱਤੀ ਦੀ ਸਿੱਲ ਰਾਇ ਬਹਾਦਰ ਕਲਿਆਣ ਸਿੰਘ ਦੇ ਪਰਿਵਾਰ ਕੋਲ ਸੁਰੱਖਿਅਤ
ਅੰਮਿ੍ਤਸਰ, 28 ਮਾਰਚ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਸਮੇਂ ਅੰਮਿ੍ਤਸਰ ਵਿਚ ਚਾਹ ਪੱਤੀ ਚਾਈਨਾ ਤੋਂ ਮੰਗਵਾਈ ਜਾਂਦੀ ਰਹੀ | ਬਾਅਦ ਵਿਚ ਸੰਨ 1830 ਦੇ ਆਸ-ਪਾਸ ਜਿਹੇ ਅੰਮਿ੍ਤਸਰ ਦੇ ਕਟੜਾ ਆਹਲੂਵਾਲੀਆ ਵਿਚ ਰਾਜਾ ਸਿੰਘ ਕਲਿਆਣ ਸਿੰਘ ਨਾਮੀ ਫ਼ਰਮ ਨੇ ਚਾਹ ਦੇ ਵਪਾਰ ਦੀ ਸ਼ੁਰੂਆਤ ਕਰਦਿਆਂ ਚਾਈਨਾ ਤੋਂ ਚਾਹ ਪੱਤੀ ਮੰਗਵਾ ਕੇ ਅਫ਼ਗਾਨਿਸਤਾਨ, ਕਸ਼ਮੀਰ ਆਦਿ ਦੂਰ-ਦਰਾਜ਼ ਇਲਾਕਿਆਂ ਵਿਚ ਭੇਜਣੀ ਸ਼ੁਰੂ ਕੀਤੀ | ਅੰਗਰੇਜ਼ੀ ਸ਼ਾਸਨ ਸਮੇਂ ਸੰਨ 1851 ਵਿਚ ਰਾਜਾ ਸਿੰਘ ਕਲਿਆਣ ਸਿੰਘ ਪਾਸੋਂ ਜਿਹੜੀ ਚਾਹ ਪੱਤੀ ਮਿਲਦੀ ਸੀ ਉਹ ਮੌਜੂਦਾ ਦਾਣੇਦਾਰ ਛੋਟੀਆਂ-ਛੋਟੀਆਂ ਪੱਤੀਆਂ ਦੇ ਰੂਪ ਵਿਚ ਨਹੀਂ ਸਗੋਂ ਸਿਲ ਦੇ ਰੂਪ ਵਿਚ ਮਿਲਦੀ ਸੀ, ਜਿਸ ਨੂੰ ਡੂਮ ਵੀ ਕਿਹਾ ਜਾਂਦਾ ਸੀ | ਦੱਸਿਆ ਜਾਂਦਾ ਹੈ ਕਿ ਚਾਈਨਾ ਦੀ 'ਬੋਰੇ' ਕੰਪਨੀ ਵਲੋਂ ਤਿਆਰ ਕੀਤੀ ਚਾਹ ਪੱਤੀ ਦੀ ਇਹ ਕਰੀਬ 175 ਸਾਲ ਪੁਰਾਣੀ ਸਿਲ ਅੱਜ ਵੀ ਰਾਇ ਬਹਾਦਰ ਕਲਿਆਣ ਸਿੰਘ ਦੇ ਪਰਿਵਾਰਕ ਮੈਂਬਰਾਂ ਕੋਲ ਸੁਰੱਖਿਅਤ ਹੈ | ਚਾਹ ਪੱਤੀ ਦੀ ਇਹ ਸਿਲ 10 ਇੰਚ ਲੰਬੀ, 1.5 ਇੰਚ ਉੱਚੀ ਅਤੇ 8 ਇੰਚ ਚੌੜੀ ਹੈ | ਚਾਹ ਪੱਤੀ ਦੀ ਇਸ ਸਿਲ ਵਿਚਲੀ ਕੁਦਰਤੀ ਖ਼ੁਸ਼ਬੂ ਭਾਵੇਂ ਖ਼ਤਮ ਹੋ ਚੁਕੀ ਹੈ ਪਰ ਇਸ ਦੇ ਰੰਗ ਅਤੇ ਇਸ 'ਤੇ ਉੱਕਰੇ ਡਿਜ਼ਾਈਨ ਵਿਚ ਭੋਰਾ ਵੀ ਫ਼ਰਕ ਨਹੀਂ ਪਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਿਲ ਦਾ ਕੁੱਝ ਹਿੱਸਾ ਤੋੜ ਕੇ ਉੱਬਲਦੇ ਹੋਏ ਪਾਣੀ ਵਿਚ ਪਾਇਆ ਜਾਂਦਾ ਸੀ ਅਤੇ ਮਿੰਟ ਵਿਚ ਕੜਕ ਚਾਹ ਤਿਆਰ ਹੋ ਜਾਂਦੀ ਸੀ | ਇਹ ਸਿਲ ਬੋਰੇ ਕੰਪਨੀ ਵਲੋਂ ਪਿ੍ੰਟ ਕੀਤੇ ਮੋਟੇ ਖ਼ਾਕੀ ਰੰਗ ਦੇ ਕਾਗ਼ਜ਼ ਵਿਚ ਲਪੇਟ ਕੇ ਆਪਣੇ ਵਪਾਰੀਆਂ ਤਕ ਪਹੁੰਚਾਈ ਜਾਂਦੀ ਸੀ | ਦੱਸਿਆ ਜਾਂਦਾ ਹੈ ਕਿ ਰਾਇ ਬਹਾਦਰ ਕਲਿਆਣ ਸਿੰਘ ਅੰਗਰੇਜ਼ੀ ਰਾਜ ਸਮੇਂ ਸ਼ਹਿਰ ਦੇ ਨਾਮੀ ਰਈਸ ਤੇ ਆਨਰੇਰੀ ਮਜਿਸਟਰੇਟ ਸਨ ਅਤੇ ਉਨ੍ਹਾਂ ਦੇ ਰੁਤਬੇ ਨੂੰ ਵੇਖਦਿਆਂ ਬੋਰੇ ਕੰਪਨੀ ਵਲੋਂ ਉਨ੍ਹਾਂ ਨੂੰ ਕੰਪਨੀ ਦਾ ਡੀਲਰ ਨਿਯੁਕਤ ਕੀਤਾ ਗਿਆ ਸੀ | ਇਸ ਤੋਂ ਇਲਾਵਾ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਮਾਨ ਸਿੰਘ ਰਸਾਲਦਾਰ ਦੇ ਸਮੇਂ 3 ਮਈ 1870 ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਦੂਜੀ ਜਨਰਲ ਕਮੇਟੀ ਮੁਕੱਰਰ ਕੀਤੀ ਗਈ ਤਾਂ ਉਸ ਵਿਚ ਕਲਿਆਣ ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ |
1830 'ਚ ਸ਼ੁਰੂ ਹੋਇਆ ਅੰਮਿ੍ਤਸਰ ਵਿਚ ਚਾਹ ਪੱਤੀ ਦਾ ਕਾਰੋਬਾਰ
ਅਜੀਤ ਡੈਸਕ
29-03-2026