ਸਮਾਣਾ, 28 ਮਾਰਚ (ਸਾਹਿਬ ਸਿੰਘ)-ਵਿਧਾਨ ਸਭਾ ਹਲਕਾ ਸ਼ੁਤਰਾਨਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਾਬਕਾ ਵਿਧਾਇਕ ਨਿਰਮਲ ਸਿੰਘ ਪੁੱਤਰ ਸਤਨਾਮ ਸਿੰਘ ਤੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਪੁਨਰ ਸੁਰਜੀਤ ਵਿਚ ਸ਼ਾਮਿਲ ਹੋ ਗਏ ਹਨ | ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਉਨ੍ਹਾਂ ਨੂੰ ਸਿਰਪਾਓ ਪਾ ਕੇ ਪਾਰਟੀ ਵਿਚ ਸ਼ਾਮਿਲ ਕੀਤਾ | ਨਿਰਮਲ ਸਿੰਘ ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾਂ ਪੰਥਕ ਰਿਹਾ ਹੈ ਭਾਵੇਂ ਕਿ ਉਨ੍ਹਾਂ ਨੂੰ ਹਾਲਾਤਾਂ ਕਰਕੇ ਕਾਂਗਰਸ ਵਿਚ ਜਾਣਾ ਪਿਆ ਸੀ | ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ |Êਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪੰਜਾਬ ਅਤੇ ਪੰਥ ਨਾਲ ਹਮਦਰਦੀ ਰੱਖਣ ਵਾਲਿਆਂ ਦਾ ਪਾਰਟੀ ਵਿਚ ਸਵਾਗਤ ਹੈ | ਉਨ੍ਹਾਂ ਆਖਿਆ ਕਿ 2027 ਦੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਤਿਆਰੀਆਂ ਕਰ ਰਹੀ ਹੈ | ਉਨ੍ਹਾਂ ਹਮਖਿਆਲੀ ਅਤੇ ਪੰਜਾਬ ਦੇ ਦਰਦੀਆਂ ਨਾਲ ਚੋਣ ਗੰਢਜੋੜ ਤੋਂ ਇਨਕਾਰ ਨਹੀਂ ਕੀਤਾ ਪਰ ਇਹ ਸਪਸ਼ਟ ਕੀਤਾ ਕਿ ਜਿੰਨਾਂ ਸਮਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਰਹਿਣਗੇ, ਉਨ੍ਹਾਂ ਨਾਲ ਕੋਈ ਸਿਆਸੀ ਸਮਝੌਤਾ ਅਸੰਭਵ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੋਧੀ ਕਾਨੂੰਨ ਬਣਾਉਣ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਕਾਨੂੰਨ ਪਹਿਲਾਂ ਵੀ ਬਣੇ ਹਨ ਪਰ ਸਜ਼ਾ ਕਿਸੇ ਨੂੰ ਨਹੀਂ ਹੋਈ | ਇਸ ਤਰ੍ਹਾਂ ਪੰਜਾਬ ਸਰਕਾਰ ਦੀ ਮਨਸ਼ਾ 'ਤੇ ਵੀ ਸਵਾਲ ਉੱਠਦਾ ਹੈ | ਇਸ ਮੌਕੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ, ਅਕਾਲੀ ਆਗੂ ਰਣਧੀਰ ਸਿੰਘ ਰੱਖੜਾ, ਸਤਨਾਮ ਸਿੰਘ, ਮਨਜਿੰਦਰ ਸਿੰਘ ਰਾਣਾ ਸੇਖੋਂ, ਗੁਰਦਿਆਲ ਸਿੰਘ ਰੰਧਾਵਾ, ਸਿੱਖ ਵਿਦਵਾਨ ਡਾ. ਹਰਭਜਨ ਸਿੰਘ, ਰਾਜ ਕੁਮਾਰ ਚੱਕੀ ਵਾਲਾ, ਸੁਰਜੀਤ ਰਾਮ ਪੱਪੀ, ਜਗਤਾਰ ਸਿੰਘ ਸੰਧੂ, ਕਸ਼ਮੀਰ ਸਿੰਘ ਡਰੋਲੀ, ਗੁਰਦੀਪ ਸਿੰਘ ਡਰੋਲੀ, ਸਤਨਾਮ ਸਿੰਘ, ਦਰਸ਼ਨ ਸਿੰਘ ਸਰਪੰਚ ਮਵੀ, ਤਨਵੀਰ ਸਿੰਘ, ਕਸ਼ਮੀਰ ਸਿੰਘ ਸਮਾਣਾ, ਸੁਰਿੰਦਰ ਕੁਮਾਰ ਸੀ.ਏ., ਪਿ੍ਥੀਪਾਲ ਸਿੰਘ, ਸਹਿਬਾਜ ਸਿੰਘ, ਸੁਖਚੈਨ ਸਿੰਘ, ਗੁਰਦਿਆਲ ਸਿੰਘ ਰੰਧਾਵਾ, ਅਸ਼ੋਕ ਮੋਦਗਿਲ, ਜਗਜੀਤ ਸਿੰਘ ਕੋਹਲੀ ਅਤੇ ਅਕਾਲੀ ਆਗੂ ਹਾਜ਼ਰ ਸਨ |