ਪਾਕਿਸਤਾਨ ਲਈ ਵੱਡੀ ਰਾਹਤ: ਆਈ.ਐੱਮ.ਐੱਫ. ਨਾਲ 1.2 ਅਰਬ ਡਾਲਰ ਦੀ ਫੰਡਿੰਗ 'ਤੇ ਹੋਇਆ ਸਮਝੌਤਾ <br/>
ਅਜੀਤ ਡੈਸਕ
29-03-2026
ਅੰਮਿ੍ਤਸਰ, 28 ਮਾਰਚ (ਸੁਰਿੰਦਰ ਕੋਛੜ)-ਭਾਰੀ ਆਰਥਿਕ ਸੰਕਟ ਅਤੇ ਮਹਿੰਗਾਈ ਦਾ ਸਾਹਮਣਾ ਕਰ ਪਾਕਿਸਤਾਨ ਲਈ ਕੁਝ ਰਾਹਤ ਦੀ ਖ਼ਬਰ ਆਈ ਹੈ | ਦਰਅਸਲ, ਹਫ਼ਤਿਆਂ ਦੀ ਲੰਮੀ ਗੱਲਬਾਤ ਤੋਂ ਬਾਅਦ ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਅਤੇ ਪਾਕਿ ਵਿਚਕਾਰ ਲਗਭਗ 1.2 ਅਰਬ ਡਾਲਰ ਦਾ ਸਟਾਫ਼ ਪੱਧਰੀ ਸਮਝੌਤਾ (ਐੱਸ. ਐੱਲ. ਏ.) ਹੋਇਆ ਹੈ | ਇਸ ਰਕਮ ਨਾਲੇ ਪਾਕਿ ਨੂੰ ਆਪਣੀ ਕਮਜ਼ੋਰ ਆਰਥਿਕਤਾ ਨੂੰ ਸਥਿਰ ਕਰਨ ਲਈ ਕੁਝ ਹੋਰ ਸਮਾਂ ਮਿਲ ਗਿਆ ਹੈ | ਆਈ. ਐੱਮ. ਐੱਫ. ਦੇ ਅਨੁਸਾਰ ਇਹ ਫ਼ੰਡ ਦੋ ਵੱਖ-ਵੱਖ ਪ੍ਰਬੰਧਾਂ ਐਕਸਟੈਂਡਡ ਫ਼ੰਡ ਸਹੂਲਤ (ਈ. ਐੱਫ. ਐੱਫ.) ਅਤੇ ਲਚਕੀਲਾਪਣ ਤੇ ਸਥਿਰਤਾ ਸਹੂਲਤ (ਆਰ. ਐੱਸ. ਐੱਫ.) ਦੇ ਤਹਿਤ ਪ੍ਰਦਾਨ ਕੀਤੇ ਜਾਣਗੇ | ਈ. ਐੱਫ. ਐੱਫ. ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ, ਭਾਵ ਜੋ ਲੰਬੇ ਸਮੇਂ ਲਈ ਭੁਗਤਾਨ ਕਰਨ 'ਚ ਅਸਮਰਥ ਹੁੰਦੇ ਹਨ | ਗਲੋਬਲ ਰਿਣਦਾਤਾ ਮਿਸ਼ਨ ਮੁਖੀ ਈਵਾ ਪੈਟਰੋਵਾ ਨੇ ਕਿਹਾ ਕਿ ਆਈ. ਐੱਮ. ਐੱਫ. ਬੋਰਡ ਤੋਂ ਅੰਤਿਮ ਪ੍ਰਵਾਨਗੀ ਮਿਲਣ 'ਤੇ ਪਾਕਿਸਤਾਨ ਨੂੰ ਈ. ਐੱਫ. ਐੱਫ. ਦੇ ਤਹਿਤ ਲਗਭਗ 1 ਅਰਬ ਡਾਲਰ ਅਤੇ ਆਰ. ਐੱਸ. ਐੱਫ. ਦੇ ਤਹਿਤ 21 ਕਰੋੜ ਡਾਲਰ ਪ੍ਰਾਪਤ ਹੋਣਗੇ | ਦੱਸਿਆ ਜਾ ਰਿਹਾ ਹੈ ਕਿ ਇਸ ਸਮਝੌਤੇ ਤੱਕ ਪਹੁੰਚਣਾ ਪਾਕਿ ਲਈ ਆਸਾਨ ਨਹੀਂ ਸੀ | ਆਈ. ਐੱਮ. ਐੱਫ. ਟੀਮ ਨੇ 25 ਫਰਵਰੀ ਤੋਂ 2 ਮਾਰਚ ਤੱਕ ਇਸਲਾਮਾਬਾਦ ਅਤੇ ਕਰਾਚੀ 'ਚ ਡੇਰਾ ਲਗਾਇਆ ਸੀ | ਪਾਕਿਸਤਾਨੀ ਅਧਿਕਾਰੀਆਂ ਨਾਲ ਆਹਮੋ-ਸਾਹਮਣੇ ਦੀ ਗੱਲਬਾਤ 'ਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਟੀਮ ਬਿਨਾਂ ਕਿਸੇ ਸਮਝੌਤੇ ਦੇ ਵਾਪਸ ਪਰਤ ਗਈ | ਇਸ ਤੋਂ ਬਾਅਦ ਕਈ ਦੌਰ ਦੀਆਂ ਵਰਚੂਅਲ ਮੀਟਿੰਗਾਂ ਹੋਈਆਂ | ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਪਾਕਿ ਸਰਕਾਰ ਨੇ ਕੌਮਾਂਤਰੀ ਵਿੱਤ ਸੰਸਥਾ ਨੂੰ ਭਵਿੱਖ 'ਚ ਸਖ਼ਤ ਆਰਥਿਕ ਫ਼ੈਸਲੇ ਲੈਣ ਦਾ ਭਰੋਸਾ ਦਿੱਤਾ | ਇਸ ਨਾਲ ਗੱਲਬਾਤ 'ਚ ਸਫਲਤਾ ਮਿਲੀ | ਆਈ. ਐੱਮ. ਐੱਫ. ਦਾ ਕਹਿਣਾ ਹੈ ਕਿ ਪਾਕਿ ਨੂੰ ਆਪਣੀਆਂ ਵਿਆਪਕ ਆਰਥਿਕ ਨੀਤੀਆਂ ਨੂੰ ਹੋਰ ਸਖ਼ਤ ਕਰਨਾ ਪਵੇਗਾ | ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਪਾਕਿਸਤਾਨੀ ਜਨਤਾ 'ਤੇ ਟੈਕਸ ਦਾ ਬੋਝ ਵਧ ਸਕਦਾ ਹੈ | ਇਸ ਤੋਂ ਇਲਾਵਾ ਬਿਜਲੀ ਅਤੇ ਗੈਸ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ | ਪਾਕਿ ਸਰਕਾਰ ਨੂੰ ਊਰਜਾ ਦੇ ਨੁਕਸਾਨ ਨੂੰ ਘਟਾਉਣ ਅਤੇ ਗਰੀਬਾਂ ਨੂੰ ਵਧਦੀਆਂ ਕੀਮਤਾਂ ਤੋਂ ਬਚਾਉਣ ਲਈ ਸਮਾਜਿਕ ਸੁਰੱਖਿਆ ਕਵਰੇਜ ਦਾ ਵਿਸਥਾਰ ਕਰਨ ਲਈ ਵੀ ਕਿਹਾ ਗਿਆ ਹੈ |