ਨਵੀਂ ਦਿੱਲੀ, 28 ਮਾਰਚ (ਉਪਮਾ ਡਾਗਾ ਪਾਰਥ)-ਭਾਰਤੀ ਵਿਦੇਸ਼ ਮੰਤਰਾਲੇ ਨੇ ਨਿਊਯਾਰਕ ਟਾਈਮਜ਼ 'ਚ ਛਪੀ ਉਸ ਖਬਰ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਜਿਸ 'ਚ ਕਿਹਾ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ 24 ਮਾਰਚ ਨੂੰ ਫੋਨ 'ਤੇ ਹੋਈ ਗੱਲਬਾਤ ਦਰਮਿਆਨ, ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਐਲਨ ਮਸਕ ਵੀ ਸ਼ਾਮਿਲ ਸਨ | ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ 24 ਮਾਰਚ ਨੂੰ ਹੋਈ ਗੱਲਬਾਤ 'ਚ ਕੋਈ ਤੀਸਰਾ ਵਿਅਕਤੀ ਸ਼ਾਮਿਲ ਨਹੀਂ ਸੀ | ਵਿਦੇਸ਼ ਮੰਤਰਾਲੇ ਨੇ ਆਪਣਾ ਅਧਿਕਾਰਕ ਬਿਆਨ ਜਾਰੀ ਕਰਦਿਆਂ ਕਿਹਾ ਕਿ 24 ਮਾਰਚ ਨੂੰ ਟੈਲੀਫੋਨ 'ਤੇ ਹੋਈ ਗੱਲਬਾਤ ਸਿਰਫ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦਰਮਿਆਨ ਹੀ ਹੋਈ ਸੀ | ਬਿਆਨ 'ਚ ਅੱਗੇ ਇਹ ਵੀ ਕਿਹਾ ਗਿਆ ਕਿ ਸੰਵਾਦ ਦਾ ਕੇਂਦਰ ਸਿਰਫ ਆਪਸੀ ਸਹਿਯੋਗ ਅਤੇ ਖੇਤਰੀ ਸਥਿਰਤਾ ਸੀ | ਜ਼ਿਕਰਯੋਗ ਹੈ ਨਿਊਯਾਰਕ ਟਾਈਮਜ਼ ਨੇ ਅਮਰੀਕਾ ਦੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਖਬਰ ਦਿੱਤੀ ਸੀ ਕਿ ਮੰਗਲਵਾਰ ਨੂੰ ਟਰੰਪ ਅਤੇ ਮੋਦੀ ਦਰਮਿਆਨ ਫੋਨ 'ਤੇ ਹੋਈ ਗੱਲਬਾਤ 'ਚ ਐਲਨ ਮਸਕ ਵੀ ਸ਼ਾਮਿਲ ਹੋਏ ਸਨ |