ਅੰਮਿ੍ਤਸਰ, 5 ਅਪ੍ਰੈਲ (ਸੁਰਿੰਦਰ ਕੋਛੜ)-ਆਪਣੇ ਬੇਤੁਕੇ ਅਤੇ ਹਵਾਈ ਬਿਆਨਾਂ ਕਰਕੇ ਆਪਣੇ ਅਤੇ ਵਿਦੇਸ਼ੀ ਮੀਡੀਆ 'ਚ ਕਿਰਕਿਰੀ ਦਾ ਕਾਰਨ ਬਣਦੇ ਆ ਰਹੇ ਪਾਕਿਸਤਾਨੀ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਪਿਛਲੇ ਤਿੰਨ ਦਿਨਾਂ 'ਚ ਦੂਜੀ ਵਾਰ ਭਾਰਤ ਨੂੰ ਧਮਕੀ ਦਿੱਤੀ ਹੈ | ਉਨ੍ਹਾਂ ਨੇ ਸਿਆਲਕੋਟ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਭਾਰਤ ਕੋਈ 'ਫਾਲਸ ਫਲੈਗ ਆਪ੍ਰੇਸ਼ਨ' (ਝੂਠੀ ਕਾਰਵਾਈ) ਸ਼ੁਰੂ ਕਰਦਾ ਹੈ ਤਾਂ ਇਸ ਵਾਰ ਟਕਰਾਅ ਸਰਹੱਦ ਤੱਕ ਸੀਮਤ ਨਹੀਂ ਰਹੇਗਾ, ਸਗੋਂ ਕੋਲਕਾਤਾ ਤੱਕ ਪਹੁੰਚ ਸਕਦਾ ਹੈ | ਖ਼ਵਾਜਾ ਨੇ ਦਾਅਵਾ ਕੀਤਾ ਕਿ ਭਾਰਤ ਆਪਣੇ ਹੀ ਲੋਕਾਂ ਜਾਂ ਹਿਰਾਸਤ 'ਚ ਲਏ ਗਏ ਪਾਕਿਸਤਾਨੀਆਂ ਦੀ ਵਰਤੋਂ ਕਰਕੇ ਇਕ ਝੂਠਾ ਡਰਾਮਾ ਰਚਣ ਦੀ ਯੋਜਨਾ ਬਣਾ ਰਿਹਾ ਹੈ | ਪਿਛਲੇ ਸਾਲ ਵਾਂਗ ਇਸ ਵਾਰ ਭਾਰਤ ਨੂੰ ਹੋਰ ਵੀ ਵੱਡੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਲਾਸ਼ਾਂ ਨੂੰ ਕਿਤੇ ਰੱਖ ਕੇ ਪਾਕਿਸਤਾਨ 'ਤੇ ਅੱਤਵਾਦ ਦਾ ਦੋਸ਼ ਲਗਾਇਆ ਜਾ ਸਕਦਾ ਹੈ | ਹਾਲਾਂਕਿ, ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੇ ਭਾਰਤ ਬਾਰੇ ਇਸ ਦਾਅਵੇ ਲਈ ਕੋਈ ਸਬੂਤ ਨਹੀਂ ਦਿੱਤਾ | ਖ਼ਵਾਜਾ ਆਸਿਫ਼ ਦੇ ਇਸ ਤਾਜ਼ਾ ਬਿਆਨ 'ਤੇ ਭਾਰਤ ਵਲੋਂ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਹੈ | ਹਾਲਾਂਕਿ, ਇਸ ਤੋਂ ਪਹਿਲਾਂ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੇਰਲ 'ਚ ਇਕ ਸਮਾਗਮ ਵਿਚ ਪਾਕਿਸਤਾਨ ਨੂੰ ਸਪਸ਼ਟ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਪਾਕਿ ਇਕ ਵੀ ਹੋਰ ਗਲਤ ਕਦਮ ਚੁੱਕਦਾ ਹੈ ਤਾਂ ਭਾਰਤੀ ਫ਼ੌਜ ਫ਼ੈਸਲਾਕੁਨ ਜਵਾਬ ਦੇਵੇਗੀ, ਕਿਉਂਕਿ ਆਪ੍ਰੇਸ਼ਨ ਸੰਧੂਰ ਅਜੇ ਖ਼ਤਮ ਨਹੀਂ ਹੋਇਆ ਹੈ | ਖ਼ਵਾਜਾ ਨੇ ਹਾਲ ਹੀ 'ਚ ਇਹ ਵੀ ਕਿਹਾ ਸੀ ਕਿ ਭਾਰਤ ਅਤੇ ਅਫ਼ਗਾਨ ਤਾਲਿਬਾਨ ਸਰਕਾਰ ਸਾਂਝੇ ਤੌਰ 'ਤੇ ਪਾਕਿਸਤਾਨ ਵਿਰੁੱਧ ਪ੍ਰਾਕਸੀ ਯੁੱਧ ਛੇੜ ਰਹੇ ਹਨ | ਇਸ ਲਈ ਜੇਕਰ ਲੋੜ ਪਈ ਤਾਂ ਪਾਕਿ ਅਫ਼ਗਾਨਿਸਤਾਨ ਵਿਚ ਦੁਬਾਰਾ ਕਾਰਵਾਈ ਕਰ ਸਕਦਾ ਹੈ |
ਪਾਕਿ ਦੇ ਰੱਖਿਆ ਮੰਤਰੀ ਨੇ ਤਿੰਨ ਦਿਨਾਂ 'ਚ ਦੂਜੀ ਵਾਰ ਦਿੱਤੀ ਭਾਰਤ ਨੂੰ ਧਮਕੀ
ਅਜੀਤ ਡੈਸਕ
06-04-2026