ਚੰਡੀਗੜ੍ਹ, 6 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)ਇਕ ਹਾਈ-ਪ੍ਰੋਫ਼ਾਈਲ ਨਾਰਕੋ-ਟੈਰਰ ਫੰਡਿੰਗ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋਸ਼ੀ ਸਤਪਾਲ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਅਦਾਲਤ ਨੇ ਦੋਸ਼ਾਂ ਦੀ ਗੰਭੀਰਤਾ ਅਤੇ ਪਹਿਲੇ ਨਜ਼ਰੇ ਮੁਹੱਈਆ ਕਰਵਾਏ ਗਏ ਸਬੂਤਾਂ ਨੂੰ ਦੇਖਦੇ ਹੋਏ ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਇਕ ਸਧਾਰਨ ਅਪਰਾਧ ਨਹੀਂ ਹੈ, ਸਗੋਂ ਇਕ ਸਰਹੱਦ ਪਾਰ ਸਾਜ਼ਿਸ਼ ਨਾਲ ਜੁੜਿਆ ਹੈ | ਜਸਟਿਸ ਅਨੂਪ ਚਿਤਕਾਰਾ ਤੇ ਸੁਖਵਿੰਦਰ ਕੌਰ ਦੇ ਡਵੀਜ਼ਨ ਬੈਂਚ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਅਪੀਲ ਖਾਰਜ ਕਰਦੇ ਹੋਏ ਕਿਹਾ ਕਿ ਦੋਸ਼ੀ ਵਿਰੁੱਧ ਲੱਗੇ ਦੋਸ਼ ਬਹੁਤ ਗੰਭੀਰ ਹਨ | ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਕਿ ਸਤਪਾਲ ਸਿੰਘ ਹਵਾਲਾ ਰਾਹੀਂ ਉਨ੍ਹਾਂ ਲੋਕਾਂ ਤੋਂ ਪੈਸੇ ਲੈਂਦਾ ਸੀ ਜੋ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਸਨ ਅਤੇ ਫ਼ਿਰ ਇਹ ਰਕਮ ਹੋਰ ਸਹਿਯੋਗੀਆਂ ਤੱਕ ਪਹੁੰਚਾਈ ਜਾਂਦੀ ਸੀ | ਅਦਾਲਤ ਨੇ ਇਹ ਵੀ ਮੰਨਿਆ ਕਿ ਦੋਸ਼ੀ ਦੇ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰਾਂ ਨਾਲ ਸਬੰਧ ਸਨ, ਜੋ ਮਾਮਲੇ ਨੂੰ ਹੋਰ ਵੀ ਗੰਭੀਰ ਬਣਾਉਂਦਾ ਹੈ | ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਮੁਤਾਬਕ ਇਹ ਪੂਰਾ ਨੈੱਟਵਰਕ ਨਾਰਕੋ-ਟੈਰਰ ਮਾਡਿਊਲ ਨਾਲ ਜੁੜਿਆ ਹੋਇਆ ਹੈ | ਡਵੀਜ਼ਨ ਬੈਂਚ ਨੇ ਸਪੱਸ਼ਟ ਕੀਤਾ ਕਿ ਦੋਸ਼ੀ 'ਤੇ ਅਪਰਾਧਿਕ ਸਾਜ਼ਿਸ਼ ਵਰਗੇ ਗੰਭੀਰ ਦੋਸ਼ ਲੱਗੇ ਹਨ, ਜੋ ਜ਼ਮਾਨਤ ਦੇਣ ਲਈ ਅਨੁਕੂਲ ਹਾਲਾਤ ਨਹੀਂ ਬਣਾਉਂਦੇ |