ਭਵਾਨੀਗੜ੍ਹ, 7 ਅਪ੍ਰੈਲ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੀ ਮੁੱਖ ਸੜਕ 'ਤੇ ਸਥਿਤ ਪੈਟਰੋਲ ਪੰਪ ਨੇੜੇ ਖ਼ਾਲੀ ਪਲਾਟ ਵਿਚ ਲੱਗ ਰਹੇ ਨਵੇਂ ਬੋਰ ਦੀ ਰਾਤ ਸਮੇਂ ਰਾਖੀ ਕਰ ਰਹੇ ਇੱਕ ਬਜ਼ੁਰਗ ਦਾ ਭੇਦਭਰੇ ਢੰਗ ਨਾਲ ਕਤਲ ਕਰ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਮਿ੍ਤਕ ਰਾਮ ਜੀ ਪੁੱਤਰ ਮੇਹਰ ਸਿੰਘ ਵਾਸੀ ਬਾਲਦ ਕਲਾਂ ਦੇ ਭਤੀਜੇ ਪ੍ਰਗਟ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਰਾਮ ਜੀ (78 ਸਾਲ) ਬੀਤੀ ਦੇਰ ਰਾਤ ਪਟਿਆਲਾ ਮੁੱਖ ਸੜਕ 'ਤੇ ਸਥਿਤ ਪੈਟਰੋਲ ਪੰਪ ਨੇੜੇ ਖ਼ਾਲੀ ਪਲਾਟ ਵਿਚ ਨਵੇਂ ਲੱਗ ਰਹੇ ਪਾਣੀ ਵਾਲੇ ਬੋਰ ਦੇ ਸਮਾਨ ਦੀ ਰਾਖੀ ਕਰਨ ਲਈ ਗਿਆ ਸੀ | ਉਨ੍ਹਾਂ ਦੱਸਿਆ ਕਿ ਜਦੋਂ ਸਵੇਰੇ ਬੋਰ ਲਾਉਣ ਵਾਲੇ ਵਿਅਕਤੀ ਉਥੇ ਪਹੁੰਚੇ ਤਾਂ ਦੇਖਿਆ ਕਿ ਉਸਦੇ ਚਾਚੇ ਨੂੰ ਮੰਜੇ ਨਾਲ ਬੰਨਿ੍ਹਆ ਹੋਇਆ ਸੀ, ਜਿਸਦੀ ਮੌਤ ਹੋ ਚੁੱਕੀ ਸੀ | ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ | ਇਸ ਸੰਬੰਧੀ ਸਬ ਇੰਸਪੈਕਟਰ ਸਤਵੰਤ ਸਿੰਘ ਸ਼ੇਰਗਿੱਲ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |
ਬਜ਼ੁਰਗ ਦਾ ਭੇਦਭਰੇ ਹਾਲਾਤ 'ਚ ਕਤਲ
ਅਜੀਤ ਡੈਸਕ
08-04-2026