ਮਾਨਸਾ, 10 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਜ਼ਿਲ੍ਹਾ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਅਗਲੀ ਸੁਣਵਾਈ 1 ਮਈ 'ਤੇ ਪਾ ਦਿੱਤੀ ਹੈ | ਅੱਜ ਸਥਾਨਕ ਅਦਾਲਤ 'ਚ 6 ਹੋਰ ਗਵਾਹਾਂ ਨੇ ਬਿਆਨ ਦਰਜ ਕਰਵਾਏ, ਜਿਨ੍ਹਾਂ 'ਚ ਸ਼ੰਕਰ ਲਾਲ, ਰਾਜ ਕੁਮਾਰ, ਅਮਿਤ ਰਾਮ, ਉਦੇ ਰਾਮ, ਉਦੇਤਿਆ, ਕਾਂਸਟੇਬਲ ਬਲਜੀਤ ਸਿੰਘ ਸ਼ਾਮਿਲ ਸਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 15 ਗਵਾਹ ਬਿਆਨ ਦਰਜ ਕਰਵਾ ਚੁੱਕੇ ਹਨ | ਮੁੱਖ ਸਾਜਿਸ਼ਘਾੜੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਤੇ ਹੋਰਾਂ ਨੇ ਵੀਡੀਓ ਕਾਨਫਰੰਾਸਿੰਗ ਜਰੀਏ ਪੇਸ਼ੀ ਭੁਗਤੀ ਜਦਕਿ ਪਵਨ ਬਿਸ਼ਨੋਈ ਤੇ ਜਗਤਾਰ ਸਿੰਘ ਅਦਾਲਤ 'ਚ ਪੇਸ਼ ਹੋਏ | ਇਨ੍ਹਾਂ ਦੋਵਾਂ ਦੀ ਸੁਪਰੀਮ ਕੋਰਟ ਵਲੋਂ ਪਿਛਲੇ ਸਮੇਂ ਜ਼ਮਾਨਤ ਹੋ ਗਈ ਸੀ | ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਕੁੱਲ 21 ਗਵਾਹੀਆਂ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਬਲਕੌਰ ਸਿੰਘ ਸਿੱਧੂ ਜੋ ਪੇਸ਼ੀ ਮੌਕੇ ਹਾਜ਼ਰ ਸਨ, ਵਲੋਂ ਅਦਾਲਤ 'ਚ ਦਰਖਾਸਤ ਲਗਾਈ ਗਈ ਹੈ, ਜਿਸ 'ਚ ਜੀਵਨਜੋਤ, ਅਵਤਾਰ ਸਿੰਘ, ਤਨਵਰ ਗਰੇਵਾਲ, ਜੁਗਨੰੂ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ ਕਿ ਜਾਂਚ ਏਜੰਸੀਆਂ ਸਪਸ਼ਟ ਕਰਨ ਕਿ ਇਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਾਂ ਬੇਗੁਨਾਹ ਕਰਾਰ ਦਿੱਤਾ ਗਿਆ ਹੈ | ਦਰਖਾਸਤ 'ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਪਰੋਕਤ ਚਾਰਾਂ ਦੇ ਚਲਾਨ ਪੇਸ਼ ਕਰਨ ਸਬੰਧੀ ਵੀ ਦੱਸਿਆ ਜਾਵੇ |