ਕਾਂਗਰਸ ਹਾਈਕਮਾਨ ਨੇ 'ਪੰਜਾਬ ਦੀ ਜੰਗ 2027' ਲਈ ਬਣਾਈ ਵੱਡੀ ਰਣਨੀਤੀ
ਅਜੀਤ ਡੈਸਕ
18-04-2026
ਚੰਡੀਗੜ੍ਹ, 17 ਅਪ੍ਰੈਲ- ਪੰਜਾਬ ਅੰਦਰ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸੱਤਾਧਾਰੀ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਕੱਸ ਲਈ ਹੈ | ਸੂਤਰਾਂ ਅਨੁਸਾਰ ਪੰਜਾਬ 'ਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀਆਂ ਚਰਚਾਵਾਂ ਵਿਚਾਲੇ ਕਾਂਗਰਸ ਹਾਈ ਕਮਾਨ ਨੇ ਸੂਬੇ 'ਚ ਵੱਡੇ ਬਦਲਾਅ ਦੀ ਤਿਆਰੀ ਕਰ ਲਈ ਹੈ | ਦਿੱਲੀ 'ਚ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ ਮੀਟਿੰਗਾਂ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਨੂੰ ਲੈ ਕੇ ਸੂਬੇ ਦੀ ਲੀਡਰਸ਼ਿਪ ਨਾਲ ਗੰਭੀਰ ਚਰਚਾ ਕੀਤੀ | ਦਿੱਲੀ ਦਰਬਾਰ ਦੇ ਸੂਤਰ ਦੱਸਦੇ ਹਨ ਕਿ ਮੀਟਿੰਗ ਵਿਚ ਰਾਹੁਲ ਗਾਂਧੀ ਨੇ ਖੁੱਲ ਕੇ ਸੰਕੇਤ ਦੇ ਦਿੱਤਾ ਹੈ ਕਿ ਮਈ ਦੇ ਪਹਿਲੇ ਹਫ਼ਤੇ ਪੰਜਾਬ ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਦੋ ਟੁੱਕ ਕਹਿ ਦਿੱਤਾ ਹੈ ਕਿ ਪੰਜਾਬ ਨੂੰ ਲੈ ਕੇ ਜੋ ਵੀ ਫ਼ੈਸਲਾ ਪਾਰਟੀ ਵਿਚਾਰ ਚਰਚਾ ਤੋਂ ਬਾਅਦ ਲਵੇਗੀ ਉਸ ਨੂੰ ਸਾਰਿਆਂ ਨੂੰ ਹੀ ਮੰਨਣਾ ਪਵੇਗਾ | ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਚਰਚਾਵਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਧੜਾ ਪੰਜਾਬ 'ਚ ਹਿੰਦੂ ਚਿਹਰੇ ਨੂੰ ਅਤੇ ਦੂਜਾ ਧੜਾ ਇਕ ਜੱਟ ਸਿੱਖ ਦਿੱਗਜ ਨੇਤਾ ਨੂੰ ਪ੍ਰਧਾਨ ਲਾਉਣ ਦੀ ਵਕਾਲਤ ਕਰ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਜੱਟ ਸਿੱਖ ਚਿਹਰੇ ਦੀ ਵਕਾਲਤ ਕਰਨ ਵਾਲੇ ਧੜੇ ਨੇ ਖੁੱਲ ਕੇ ਇਕ ਆਗੂ ਦਾ ਨਾਂਅ ਵੀ ਹਾਈ ਕਮਾਨ ਅੱਗੇ ਰੱਖ ਦਿੱਤਾ ਹੈ ਕਿ ਜੇਕਰ ਇਸ ਨੇਤਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਂਦਾ ਹੈ, ਤਾਂ ਉਹ ਸਾਰੀ ਲੀਡਰਸ਼ਿਪ ਨੂੰ ਵੀ ਨਾਲ ਤੋਰਨ ਦੀ ਕਾਬਲੀਅਤ ਰੱਖਦਾ ਹੈ, ਸਗੋਂ ਆਉਂਦੀਆਂ ਚੋਣਾਂ ਤੱਕ ਪਾਰਟੀ ਨੂੰ ਵਿੱਤੀ ਤੌਰ 'ਤੇ ਆਉਣ ਵਾਲੀਆਂ ਚੁਣੌਤੀਆਂ ਨੂੰ ਵੀ ਨਜਿੱਠ ਲਵੇਗਾ | ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਦੂਜੇ ਧੜੇ੍ਹ ਵਲੋਂ ਇਸ ਦੀ ਥਾਂ ਇਕ ਹਿੰਦੂ ਚਿਹਰੇ ਨੂੰ ਪ੍ਰਧਾਨਗੀ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ ਗਈ, ਪਰ ਦਲੀਲਾਂ ਸੁਣਨ ਮਗਰੋਂ ਰਾਹੁਲ ਗਾਂਧੀ ਨੇ ਇਹ ਕਹਿ ਦਿੱਤਾ ਕਿ ਇਸ ਸਬੰਧੀ ਫ਼ੈਸਲਾ ਪਾਰਟੀ ਲਵੇਗੀ | ਮੀਟਿੰਗ 'ਚ ਮੌਜੂਦ ਇਕ ਕਾਂਗਰਸ ਨੇਤਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਖ਼ਾਸਕਰ ਰਾਹੁਲ ਗਾਂਧੀ ਇਸ ਮੀਟਿੰਗ ਦੌਰਾਨ ਪੰਜਾਬ ਨੂੰ ਲੈ ਕੇ ਬੇਹੱਦ ਗੰਭੀਰ ਨਜ਼ਰ ਆਏ ਅਤੇ ਉਨ੍ਹਾਂ ਪੰਜਾਬ 'ਚ ਵੱਡੇ ਬਦਲਾਅ ਦੇ ਸੰਕੇਤ ਵੀ ਦਿੱਤੇ ਜੋ ਕਿ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਹੋ ਜਾਣ ਦੀ ਸੰਭਾਵਨਾ ਹੈ |