ਕਣਕ ਦੀ ਕਟਾਈ ਦਾ ਕੰਮ ਤੇਜ਼ ਹੋਣ ਨਾਲ ਡੀਜ਼ਲ ਦੀ ਵਧੀ ਵਿਕਰੀ <br/>
ਅਜੀਤ ਡੈਸਕ
19-04-2026
ਜਲੰਧਰ, 18 ਅਪ੍ਰੈਲ-ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਬਾਰਸ਼ਾਂ ਨਾਲ ਖ਼ਰਾਬ ਹੋਈ ਕਣਕ ਦੀ ਖ਼ਰੀਦ ਦੇ ਮਾਪਦੰਡਾਂ ਵਿਚ ਛੋਟਾਂ ਦੇਣ ਤੋਂ ਬਾਅਦ ਹੁਣ ਜਿੱਥੇ ਕਣਕ ਦੀ ਖ਼ਰੀਦ ਦੇ ਕੰਮ ਵਿਚ ਤੇਜ਼ੀ ਆ ਗਈ ਹੈ ਸਗੋਂ ਕਣਕ ਦੀ ਕਟਾਈ ਦਾ ਕੰਮ ਵੀ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਕਈ ਪੈਟਰੋਲ ਪੰਪਾਂ 'ਤੇ ਡੀਜ਼ਲ ਦੀ ਵਿੱਕਰੀ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ | ਡੀਜ਼ਲ ਵਿੱਕਰੀ ਵਧਣ ਕਾਰਨ ਕਈ ਪੈਟਰੋਲ ਪੰਪਾਂ 'ਤੇ ਡੀਜ਼ਲ ਖ਼ਤਮ ਹੋ ਗਿਆ ਜਦਕਿ ਕਈ ਪੈਟਰੋਲ ਪੰਪਾਂ 'ਤੇ ਪੈਟਰੋਲ ਖ਼ਤਮ ਹੋਇਆ ਦੱਸਿਆ ਜਾ ਰਿਹਾ ਹੈ | ਤੇਲ ਕਾਰੋਬਾਰੀ ਸੂਤਰਾਂ ਮੁਤਾਬਕ ਹੁਣ ਜਦੋਂ ਕਣਕ ਦੀ ਕਟਾਈ ਦਾ ਕੰਮ ਕੰਬਾਈਨਾਂ ਵਲੋਂ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤਾਂ ਇਸ ਨਾਲ ਡੀਜ਼ਲ ਦੀ ਮੰਗ ਵਿਚ ਇਕਦਮ ਵਾਧਾ ਹੋ ਗਿਆ ਹੈ ਤਾਂ ਇਸ ਨਾਲ ਕਈ ਪੈਟਰੋਲ ਪੰਪਾਂ 'ਤੇ ਡੀਜ਼ਲ ਖ਼ਤਮ ਹੋ ਗਿਆ ਹੈ | ਚਾਹੇ ਤੇਲ ਕੰਪਨੀਆਂ ਵਲੋਂ ਇਸ ਮਾਮਲੇ ਵਿਚ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਹਨ ਪਰ ਡੀਜ਼ਲ ਦੀ ਵਿੱਕਰੀ ਵੀ ਧਿਆਨ ਨਾਲ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਇਸ ਵੇਲੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਚਾਹੇ ਮਾਮੂਲੀ ਘਟੀਆਂ ਹਨ ਪਰ ਤੇਲ ਕੰਪਨੀਆਂ ਨੂੰ ਪਿਛਲੇ 46 ਦਿਨਾਂ ਤੋਂ ਲਗਾਤਾਰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਤੇਲ ਕੰਪਨੀਆਂ ਵਲੋਂ ਚਾਹੇ ਤੇਲ ਦੀ ਕੋਈ ਕਮੀ ਨਹੀਂ ਹੈ ਪਰ ਦੂਜੇ ਪਾਸੇ ਤੇਲ ਕੰਪਨੀਆਂ ਵਲੋਂ ਡੀਜ਼ਲ ਦੀ ਸਪਲਾਈ ਦਿੱਤੀ ਜਾ ਰਹੀ ਹੈ | ਇਕ ਪੈਟਰੋਲ ਪੰਪ ਡੀਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪਨੀਆਂ ਕੋਲ ਤੇਲ ਦੀ ਕੋਈ ਕਮੀ ਨਹੀਂ ਹੈ ਪਰ ਉਹ ਜਿਨਾਂ ਜ਼ਿਆਦਾ ਤੇਲ ਦੀ ਵਿੱਕਰੀ ਕਰਦੇ ਹਨ, ਉਨ੍ਹਾਂ ਦਾ ਆਪਣਾ ਘਾਟਾ ਕਾਫੀ ਹੋ ਰਿਹਾ ਹੈ | ਉਂਝ ਵਿਧਾਨ ਸਭਾ ਚੋਣਾਂ ਦੇ ਖ਼ਤਮ ਹੋਣ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਕੰਪਨੀਆਂ ਨੂੰ ਆਸ ਹੈ ਕਿ ਚੋਣਾਂ ਤੋਂ ਬਾਅਦ ਜੇਕਰ ਤੇਲ ਕੀਮਤਾਂ ਵਧਾਉਣ ਦੇ ਨਾਲ ਉਨ੍ਹਾਂ ਨੂੰ ਰਾਹਤ ਮਿਲ ਸਕਦੀ ਹੈ ਤਾਂ ਉਨ੍ਹਾਂ ਦੇ ਘਾਟੇ ਦੀ ਭਰਪਾਈ ਹੋਣੀ ਸ਼ੁਰੂ ਹੋ ਸਕੇਗੀ | ਚੇਤੇ ਰਹੇ ਕਿ ਘਾਟੇ ਨੂੰ ਘਟਾਉਣ ਲਈ ਤੇਲ ਕੰਪਨੀਆਂ ਵੱਡੇ ਖਪਤਕਾਰਾਂ ਲਈ ਪਹਿਲਾਂ ਹੀ 22 ਰੁਪਏ ਤੇਲ ਮਹਿੰਗਾ ਕਰਨ ਤੋਂ ਇਲਾਵਾ ਪ੍ਰੀਮੀਅਮ ਤੇਲ ਤੋਂ ਇਲਾਵਾ ਨਿੱਜੀ ਕੰਪਨੀਆਂ ਵੀ ਆਪਣਾ ਤੇਲ ਮਹਿੰਗਾ ਕਰ ਚੁੱਕੀਆਂ ਹਨ | ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਬੇ ਦੇ ਕਈ ਹਿੱਸਿਆਂ ਤੋਂ ਇਸ ਤਰ੍ਹਾਂ ਦੀ ਸੂਚਨਾਵਾਂ ਮਿਲੀਆਂ ਹਨ ਕਿ ਕਣਕ ਕਟਾਈ ਦੇ ਸੀਜ਼ਨ ਵਿਚ ਡੀਜ਼ਲ ਦੀ ਵਿੱਕਰੀ ਵਿਚ ਇਕਦਮ ਵਾਧਾ ਹੋਣ ਨਾਲ ਉਨ੍ਹਾਂ ਦੇ ਪੈਟਰੋਲ ਪੰਪਾਂ 'ਤੇ ਤੇਲ ਖ਼ਤਮ ਹੋ ਗਿਆ ਹੈ ਪਰ ਕੰਪਨੀਆਂ ਕੋਲ ਤੇਲ ਦੀ ਕਮੀ ਨਹੀਂ ਹੈ |