ਸੰਗਤ ਮੰਡੀ, 19 ਅਪ੍ਰੈਲ (ਸੁਖਤੇਜ ਧਾਲੀਵਾਲ)-ਥਾਣਾ ਸੰਗਤ ਦੇ ਪਿੰਡ ਮਹਿਤਾ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ | ਜਿਸ 'ਤੇ ਥਾਣਾ ਸੰਗਤ ਦੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਇੱਕ ਔਰਤ ਸਮੇਤ ਚਾਰ ਜਣਿਆਂ ਵਿਰੁੱਧ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ | ਇਸ ਸੰਬੰਧੀ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਮਹਿਤਾ ਵਿਖੇ ਕੋਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਗੋਲੁਵਾਲਾ ਥਾਣਾ ਤਲਵੰਡੀ ਸਾਬੋ ਜੋ ਪਿਛਲੇ 20 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ | ਜਿਸ ਨੂੰ ਪਿੰਡ ਦੇ ਹੀ ਹਰਮਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਤੇ ਆਪਣੀ ਨੂੰਹ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ, ਜਿਸ ਵਲੋਂ ਹਰਮਨਦੀਪ ਸਿੰਘ ਨੂੰ ਕਈ ਵਾਰ ਰੋਕਣ ਲਈ ਵਰਜਿਆ ਗਿਆ ਸੀ, ਬੀਤੀ ਸ਼ਾਮ ਇਸੇ ਹੀ ਰੰਜਿਸ਼ ਨੂੰ ਲੈ ਕੇ ਜਦੋਂ ਹਰਮਨਦੀਪ ਸਿੰਘ ਅਤੇ ਉਸ ਦਾ ਬਾਪ ਮਲਕੀਤ ਸਿੰਘ ਆਪਣੇ ਪੁਰਾਣੇ ਘਰ ਜੋ ਕਾਲੋਨੀ ਵਿਚ ਬਣਿਆ ਹੈ | ਤੂੜੀ ਲੈਣ ਲਈ ਗਏ ਤਾਂ ਉਨ੍ਹਾਂ ਉੱਪਰ ਕੋਰ ਸਿੰਘ ਪੁੱਤਰ ਹਰਨੇਕ ਸਿੰਘ, ਉਸ ਦੀ ਪਤਨੀ ਕਰਮਜੀਤ ਕੌਰ ਤੇ ਦੋਹਾਂ ਲੜਕੇ ਲਖਵੀਰ ਸਿੰਘ ਤੇ ਬਲਵੀਰ ਸਿੰਘ ਪੁੱਤਰ ਕੋਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ | ਜਿਸ ਵਿਚ ਮਲਕੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਹਰਮਨਦੀਪ ਸਿੰਘ ਵਲੋਂ ਉੱਚੀ-ਉੱਚੀ ਰੋਲਾ ਪਾਉਣ 'ਤੇ ਉਕਤ ਵਿਅਕਤੀ ਭੱਜ ਗਏ ਤੇ ਹਰਮਨਦੀਪ ਸਿੰਘ ਵਲੋਂ ਆਪਣੇ ਜ਼ਖ਼ਮੀ ਹੋਏ ਬਾਪ ਦੀ ਜਾਨ ਬਚਾਉਣ ਲਈ ਤੁਰੰਤ ਉਸਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਦਮ ਤੋੜ ਗਿਆ | ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਤਕ ਦੇ ਪੁੱਤਰ ਹਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਔਰਤ ਸਮੇਤ ਚਾਰ ਜਣਿਆਂ ਵਿਰੁੱਧ ਕੋਰ ਸਿੰਘ ਪੁੱਤਰ ਹਰਨੇਕ ਸਿੰਘ, ਵਾਸੀ ਪਿੰਡ ਗੋਲੂਆਲਾ ਥਾਣਾ ਤਲਵੰਡੀ ਸਾਬੋ ਉਸ ਦੀ ਪਤਨੀ ਕਰਮਜੀਤ ਕੌਰ ਅਤੇ ਉਸ ਦੇ ਦੋ ਲੜਕੇ ਲਖਵੀਰ ਸਿੰਘ ਅਤੇ ਬਲਵੀਰ ਸਿੰਘ 'ਤੇ ਕਤਲ ਦਾ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ |
ਪੁਰਾਣੀ ਰੰਜਿਸ਼ ਦੇ ਚਲਦਿਆਂ ਕਤਲ
ਅਜੀਤ ਡੈਸਕ
20-04-2026