ਅੰਮਿ੍ਤਸਰ, 19 ਅਪ੍ਰੈਲ (ਸੁਰਿੰਦਰ ਕੋਛੜ)-ਅਮਰੀਕਾ ਦੀ ਪਾਕਿਸਤਾਨ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਉਸ ਦੇ ਫ਼ੌਜੀ ਮੁਖੀਆਂ ਯਾਹੀਆ ਖਾਨ, ਜ਼ਿਆ-ਉਲ-ਹੱਕ, ਪਰਵੇਜ਼ ਮੁਸ਼ੱਰਫ਼ ਅਤੇ ਆਸਿਮ ਮੁਨੀਰ ਆਦਿ ਨਾਲ ਨਜ਼ਦੀਕੀ ਸੰਬੰਧ ਰਹੇ ਹਨ | ਇਹ ਸੱਚਾਈ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਕਿ 50 ਸਾਲਾਂ ਤੋਂ ਵੱਧ ਸਮੇਂ ਤੋਂ ਪਾਕਿ ਦੇ ਫ਼ੌਜੀ ਤਾਨਾਸ਼ਾਹ ਅਮਰੀਕਾ ਦੀ ਹਰ ਇੱਛਾ ਦੀ ਪਾਲਣਾ ਕਰਦੇ ਆ ਰਹੇ ਹਨ | ਨਤੀਜੇ ਵਜੋਂ ਵਾਸ਼ਿੰਗਟਨ ਉਨ੍ਹਾਂ ਨੂੰ ਬਹੁਤ ਪਸੰਦ ਕਰਦਾ ਰਿਹਾ ਹੈ | ਸੰਨ 1971 'ਚ ਜਨਰਲ ਯਾਹੀਆ ਖਾਨ ਨੇ ਅਮਰੀਕਾ ਤੇ ਚੀਨ ਵਿਚਕਾਰ ਇਤਿਹਾਸਕ ਸੁਲ੍ਹਾ ਕਰਵਾਉਣ 'ਚ ਮੁੱਖ ਭੂਮਿਕਾ ਨਿਭਾਈ | ਇਹ ਦੋਵਾਂ ਧਿਰਾਂ ਦਾ ਵਿਸ਼ਵਾਸ ਹਾਸਲ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਦਰਸਾਉਂਦਾ ਹੈ | ਲਗਭਗ ਇਕ ਦਹਾਕੇ ਤੱਕ ਪਾਕਿ 'ਤੇ ਸ਼ਾਸਨ ਕਰਨ ਵਾਲੇ ਜਨਰਲ ਜ਼ਿਆ-ਉਲ-ਹੱਕ ਨੂੰ ਅਮਰੀਕਾ ਦਾ ਖ਼ਾਸ ਤੇ ਪਸੰਦੀਦਾ ਜਨਰਲ ਮੰਨਿਆ ਜਾਂਦਾ ਸੀ | ਜਨਰਲ ਜ਼ਿਆ 1979 ਅਤੇ 1988 ਵਿਚਕਾਰ ਅਫ਼ਗਾਨਿਸਤਾਨ 'ਚ ਸੋਵੀਅਤ ਯੂਨੀਅਨ ਵਿਰੁੱਧ ਅਮਰੀਕਾ ਦੀ ਪ੍ਰੌਕਸੀ ਜੰਗ ਵਿਚ ਵਾਸ਼ਿੰਗਟਨ ਦੇ ਮੁੱਖ ਸਹਿਯੋਗੀ ਸਨ | ਸਾਲ 2001 ਤੋਂ ਬਾਅਦ ਜਨਰਲ ਪਰਵੇਜ਼ ਮੁਸ਼ੱਰਫ਼ ਅਫ਼ਗਾਨਿਸਤਾਨ 'ਚ ਅਲ-ਕਾਇਦਾ ਅਤੇ ਤਾਲਿਬਾਨ ਵਿਰੁੱਧ ਅਮਰੀਕਾ ਦੀ ਲੜਾਈ 'ਚ ਇਕ ਮੁੱਖ ਸਹਿਯੋਗੀ ਬਣ ਗਏ | ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ 'ਗੁੱਡ ਬੁੱਕ' 'ਚ ਰਹਿਣਾ ਅਤੇ ਅਮਰੀਕਾ ਦੇ ਇਸ਼ਾਰਿਆਂ 'ਤੇ ਚੱਲਣਾ ਪਾਕਿਸਤਾਨੀ ਜਰਨੈਲਾਂ ਲਈ ਫ਼ਾਇਦੇਮੰਦ ਰਹਿੰਦਾ ਹੈ ਤੇ ਉਨ੍ਹਾਂ ਨੂੰ ਆਪਣੇ ਘਿਨਾਉਣੇ ਅਪਰਾਧਾਂ ਤੋਂ ਬਚਣ ਦਾ ਮੌਕਾ ਮਿਲਦਾ ਹੈ | ਜਨਰਲ ਯਾਹੀਆ ਖਾਨ ਨੇ ਸੰਨ 1971 'ਚ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) 'ਚ ਬੰਗਾਲੀਆਂ ਵਿਰੁੱਧ ਭਿਆਨਕ ਅੱਤਿਆਚਾਰ ਕੀਤੇ | ਅਮਰੀਕਾ ਨਾ ਸਿਰਫ਼ ਇਸ 'ਤੇ ਚੁੱਪ ਰਿਹਾ ਸਗੋਂ ਯਾਹੀਆ ਖ਼ਾਨ ਨੂੰ ਭਾਰਤ ਵਿਰੁੱਧ ਹਥਿਆਰ ਅਤੇ ਸਮਰਥਨ ਵੀ ਪ੍ਰਦਾਨ ਕਰਦਾ ਰਿਹਾ | ਪਾਕਿ 'ਚ ਸੱਤਾ ਹਥਿਆਉਣ ਤੋਂ ਬਾਅਦ ਜਨਰਲ ਜ਼ਿਆ-ਉਲ-ਹੱਕ ਨੇ ਦੇਸ਼ 'ਚ ਲੋਕਤੰਤਰੀ ਅਤੇ ਉਦਾਰਵਾਦੀ ਆਵਾਜ਼ਾਂ ਨੂੰ ਖੁੱਲ੍ਹ ਕੇ ਦਬਾਇਆ | ਉਨ੍ਹਾਂ ਨੇ ਚੁਣੇ ਹੋਏ ਰਾਸ਼ਟਰਪਤੀ ਜ਼ੁਲਫਿਕਾਰ ਅਲੀ ਭੁੱਟੋ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਤੇ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ | ਅਮਰੀਕਾ ਨੇ ਇਨ੍ਹਾਂ ਅਪਰਾਧਾਂ ਵੱਲ ਅੱਖਾਂ ਮੀਟ ਲਈਆਂ | ਇਸ ਤੋਂ ਬਾਅਦ ਜਨਰਲ ਪਰਵੇਜ਼ ਮੁਸ਼ੱਰਫ਼ ਪ੍ਰਤੀ ਵੀ ਅਮਰੀਕਾ ਦਾ ਰੁਖ਼ ਇਸੇ ਤਰ੍ਹਾਂ ਦਾ ਰਿਹਾ | ਇਸ ਸਮੇਂ ਪਾਕਿਸਤਾਨੀ ਜਨਰਲ ਆਸਿਮ ਮੁਨੀਰ ਅਮਰੀਕਾ ਦੀ 'ਅੱਖਾਂ ਦੇ ਤਾਰੇ' ਹਨ | ਉਹ ਪਿਛਲੇ ਸਾਲ ਭਾਰਤ ਨਾਲ ਪਾਕਿ ਦੀ 4 ਦਿਨਾਂ ਦੀ ਫ਼ੌਜੀ ਝੜਪ ਤੋਂ ਬਾਅਦ ਕਈ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰ ਚੁੱਕੇ ਹਨ | ਟਰੰਪ ਨੇ ਮੁਨੀਰ ਦੀ ਪ੍ਰਸ਼ੰਸਾ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ੍ਹ ਦੀ ਸਜ਼ਾ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ | ਮੁਨੀਰ ਨੇ ਅਮਰੀਕਾ ਤੇ ਚੀਨ ਦੋਵਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ | ਟਰੰਪ ਨੇ ਕਈ ਵਾਰ ਮੀਡੀਆ ਨਾਲ ਗੱਲਬਾਤ ਅਤੇ ਸੰਬੋਧਨ ਦੌਰਾਨ ਜਨਰਲ ਮੁਨੀਰ ਨੂੰ ਆਪਣਾ ਪਸੰਦੀਦਾ ਫ਼ੀਲਡ ਮਾਰਸ਼ਲ ਕਿਹਾ ਹੈ |
ਪਾਕਿ ਦੇ ਫ਼ੌਜ ਮੁਖੀ ਸ਼ੁਰੂਆਤ ਤੋਂ ਰਹੇ ਹਨ ਅਮਰੀਕਾ ਦੇ 'ਪਸੰਦੀਦਾ'
ਅਜੀਤ ਡੈਸਕ
20-04-2026