ਬਾਬਾ ਬਕਾਲਾ ਸਾਹਿਬ, 22 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਅਧੀਨ ਪੈਂਦੀ ਥਾਣਾ ਖਿਲਚੀਆਂ ਦੀ ਪੁਲਿਸ ਵਲੋਂ ਪਾਕਿਸਤਾਨ ਨੂੰ ਭਾਰਤ ਦੀਆਂ ਸੂਚਨਾ ਦੇਣ ਵਾਲੇ ਜਾਸੂਸ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਅੱਜ ਇੱਥੇ ਅਰੁਣ ਸ਼ਰਮਾ ਡੀ.ਐਸ.ਪੀ. ਬਾਬਾ ਬਕਾਲਾ ਸਾਹਿਬ ਅਤੇ ਥਾਣਾ ਖਿਲਚੀਆਂ ਦੇ ਮੁਖੀ ਮੁਖਤਾਰ ਸਿੰਘ ਦੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਏ.ਐੱਸ.ਆਈ. ਚਮਨ ਲਾਲ, ਏ.ਐੱਸ.ਆਈ. ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਹਰਜਿੰਦਰ ਸਿੰਘ ਵਲੋਂ ਗਸ਼ਤ ਦੌਰਾਨ ਮਿਲੀ ਖਬਰ ਸੰਬੰਧੀ ਕਾਰਵਾਈ ਕਰਦੇ ਹੋਏ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਜਸਪਾਲ, ਜਿਸਦੇ ਪਾਕਿਸਤਾਨੀ ਖੂਫੀਆ ਏਜੰਸੀਆਂ (ਆਈ. ਐੱਸ. ਆਈ.) ਨਾਲ ਸਬੰਧ ਹਨ ਤੇ ਉਹ ਭਾਰਤ ਦੀਆਂ ਖੁਫੀਆ ਅਤੇ ਅਹਿਮ ਜਾਣਕਾਰੀਆਂ ਦੀ ਜਸੂਸੀ ਕਰਕੇ ਹਿੰਦੋਸਤਾਨ ਦੇਸ਼ ਨੂੰ ਇੰਟਰਨੈਸ਼ਨਲ ਪੱਧਰ 'ਤੇ ਹਾਨੀ ਪਹੁੰਚਾਉਣ ਦੀ ਤਾਕ ਵਿਚ ਹੈ, ਉਹ ਕਮਿਊਨੀਕੇਸ਼ਨ ਰਾਹੀਂ ਵਿਦੇਸ਼ੀ ਏਜੰਟਾਂ ਨਾਲ ਸੰਪਰਕ ਜੋੜ ਕੇ ਇਸ ਐਕਟੀਵਿਟੀ ਨੂੰ ਦਿਨ-ਬਰ-ਦਿਨ ਅੱਗੇ ਵਧਾ ਰਿਹਾ ਹੈ ਤੇ ਪਾਕਿਸਤਾਨੀ ਵਿਅਕਤੀਆਂ ਨਾਲ ਵੱਖ-ਵੱਖ ਵੱਟਸਐੱਪ ਗਰੁੱਪਾਂ ਵਿਚ ਸ਼ਾਮਿਲ ਹੋ ਕੇ ਅਕਸਰ ਹੀ ਉਨ੍ਹਾਂ ਨਾਲ ਗੱਲਾਂ ਕਰਦਾ ਹੈ ਤੇ ਉਹ ਆਪਣੇ ਮੋਬਾਇਲ ਵਿਚ ਅੰਮਿ੍ਤਸਰ ਕੰਨਟੋਨਮੈਟ ਏਰੀਏ ਦੀਆਂ ਫੋਟੋਆਂ ਟੈਂਕਾਂ ਦੀਆਂ ਫੋਟੋਆਂ, ਇੰਡੀਅਨ ਏਅਰ ਫੋਰਸ ਦੇ ਗੇਟਾਂ ਦੀਆਂ ਫੋਟੋਆਂ ਵਗੈਰਾ ਖਿੱਚ ਕੇ ਹਿੰਦੋਸਤਾਨ ਦੀ ਸੁਰੱਖਿਆ ਵਿਰੁੱਧ ਵਰਤੋਂ ਕਰ ਸਕਦਾ ਹੈ | ਇਸਦੇ ਬਦਲੇ ਉਨ੍ਹਾਂ ਪਾਸੋਂ ਏ.ਕੇ.-47 ਰਾਈਫਲ ਦੀ ਸਿਖਲਾਈ ਲੈ ਰਿਹਾ ਹੈ ਤੇ ਆਸ ਪਾਸ ਦੇ ਪਿੰਡਾਂ ਵਿਚ ਹੋਰ ਨੌਜਵਾਨਾਂ ਨੂੰ ਵਰਗਲਾ ਕੇ ਆਪਣੇ ਨਾਲ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਦਾ ਹੈ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਦੋਸ਼ੀ ਖਿਲਾਫ ਥਾਣਾ ਖਿਲਚੀਆਂ ਵਿਚ ਕੇਸ ਦਰਜ ਕਰਨ ਉਪਰੰਤ ਇਸਨੂੰ ਅੱਜ ਮਾਣਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਵਿਖੇ ਪੇਸ਼ ਕੀਤਾ ਗਿਆ, ਜਿਸ 'ਤੇ ਮਾਣਯੋਗ ਜੱਜ ਸਾਹਿਬਾਨ ਨੇ ਇਸਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ |