ਜਲੰਧਰ, 22 ਅਪ੍ਰੈਲ (ਜਸਪਾਲ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਸ੍ਰੀ ਰਾਜੀਵ ਸ਼ੁਕਲਾ ਨੇ ਪੱਛਮੀ ਬੰਗਾਲ 'ਚ ਹੋਣ ਜਾ ਰਹੀਆਂ ਚੋਣਾਂ 'ਚ ਕਾਂਗਰਸ ਅਤੇ ਤਿ੍ਣਮੂਲ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਚੋਣਾਂ 'ਚ ਦੋਵੇਂ ਪਾਰਟੀਆਂ ਚੰਗੀਆਂ ਸੀਟਾਂ ਹਾਸਿਲ ਕਰਨਗੀਆਂ | ਆਪਣੀ ਜਲੰਧਰ ਫੇਰੀ ਦੌਰਾਨ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੱਛਮੀਂ ਬੰਗਾਲ 'ਚ ਭਾਜਪਾ ਵਲੋਂ ਕੀਤਾ ਗਿਆ ਪ੍ਰਾਪੇਗੰਡਾ ਸਫਲ ਨਹੀਂ ਹੋਵੇਗਾ ਤੇ ਉਥੋਂ ਦੇ ਲੋਕ ਭਾਜਪਾ ਦੇ ਗੁੰਮਰਾਹਕੁੰਨ ਪ੍ਰਚਾਰ 'ਚ ਨਹੀਂ ਆਉਣਗੇ | ਇਸ ਮੌਕੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਵਲੋਂ ਪ੍ਰਧਾਨ ਮੰਤਰੀ ਖਿਲਾਫ ਕੀਤੀ ਗਈ ਟਿੱਪਣੀ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਖੜਗੇ ਇਕ ਸੁਲਝੇ ਹੋਏ ਸਿਆਸਤਦਾਨ ਹਨ ਤੇ ਜੇਕਰ ਉਨ੍ਹਾਂ ਕੋਈ ਗੱਲ ਕਹੀ ਹੈ ਤਾਂ ਉਹ ਸੋਚ ਸਮਝ ਕੇ ਹੀ ਕੀਤੀ ਹੋਵੇਗੀ | ਇਸੇ ਤਰ੍ਹਾਂ ਮਹਿਲਾ ਰਾਖਵਾਂਕਰਨ ਬਿੱਲ ਦੇ ਕੀਤੇ ਗਏ ਵਿਰੋਧ ਬਾਰੇ ਸ੍ਰੀ ਸ਼ੁਕਲਾ ਨੇ ਕਿਹਾ ਕਿ ਇਹ ਬਿੱਲ ਤਾਂ ਸਾਲ 2023 'ਚ ਹੀ ਪਾਸ ਹੋ ਚੁੱਕਾ ਹੈ ਪਰ ਇਸ ਨਵੇਂ ਬਿੱਲ ਦੀ ਆੜ 'ਚ ਭਾਜਪਾ ਸੀਟਾਂ ਦੀ ਤੋੜ-ਭੰਨ ਕਰਕੇ ਆਪਣੇ ਸਿਆਸੀ ਹਿੱਤ ਸਾਧਣਾ ਚਾਹੁੰਦੀ ਸੀ | ਸ੍ਰੀ ਰਾਜੀਵ ਸ਼ੁਕਲਾ ਜੋ ਕਿ ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਵੀ ਹਨ ਨੇ ਆਈ. ਪੀ. ਐਲ. ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਸਾਰੀਆਂ ਟੀਮਾਂ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਇਸ ਨਾਲ ਖਿਡਾਰੀਆਂ ਨੂੰ ਵੀ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਮਿਲਦਾ ਹੈ | ਉਨ੍ਹਾਂ ਕਿਹਾ ਕਿ ਖਾਸ ਕਰਕੇ ਮਹਿਲਾ ਕ੍ਰਿਕਟਰਾਂ ਨੂੰ ਵੀ ਹੁਣ ਬਰਾਬਰ ਦੇ ਪੈਸੇ ਮਿਲਣ ਲੱਗੇ ਹਨ |