ਅੰਮਿ੍ਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)-ਅੰਮਿ੍ਤਸਰ ਦੇ ਨਜ਼ਦੀਕੀ ਪਿੰਡ ਲੱਲਾ ਅਫ਼ਗਾਨ 'ਚ ਹਜ਼ਾਰਾਂ ਵਰ੍ਹੇ ਪੁਰਾਣੇ ਵਿਸ਼ਾਲ ਥੇਹਾਂ ਦੀ ਸੰਭਾਲ ਨੂੰ ਲੈ ਕੇ ਪੁਰਾਤਤਵ ਵਿਭਾਗ ਅਵੇਸਲਾ ਬਣਿਆ ਹੋਇਆ ਹੈ, ਜਿਸ ਕਾਰਨ ਨਾਜਾਇਜ਼ ਤਰੀਕੇ ਨਾਲ ਇਨ੍ਹਾਂ ਥੇਹਾਂ ਦੀ ਖ਼ੁਦਾਈ ਕਰਕੇ ਵੱਡੀ ਗਿਣਤੀ ਵਿਚ ਪੱਥਰ ਤੇ ਧਾਤੂਆਂ ਦੇ ਪੁਰਾਤਨ ਸਿੱਕੇ, ਇੱਟਾਂ, ਘੜੇ, ਖਿਡੌਣੇ, ਬਰਤਨ, ਬੇਲ ਗੱਡੀ ਦੇ ਪਹੀਏ ਅਤੇ ਹੋਰ ਦੁਰਲੱਭ ਤੇ ਬਹੁਮੁੱਲੀਆਂ ਵਸਤੂਆਂ ਇੱਥੋਂ ਕੱਢੀਆਂ ਜਾ ਚੁੱਕੀਆਂ ਹਨ | ਦੱਸਿਆ ਜਾਂਦਾ ਹੈ ਕਿ ਹਰਸਾ ਛੀਨਾ ਨਾਂਅ ਨਾਲ ਪ੍ਰਸਿੱਧ ਪਿੰਡ ਲੱਲਾ ਅਫ਼ਗਾਨ ਦੇ ਉਕਤ ਪੁਰਾਤਨ ਥੇਹ ਪਹਿਲਾਂ ਲਗਭਗ 200 ਏਕੜ 'ਚ ਫੈਲੇ ਹੋਏ ਸਨ ਜਦਕਿ ਹੁਣ ਨਜਾਇਜ਼ ਢੰਗ ਨਾਲ ਕੀਤੀ ਜਾ ਰਹੀ ਖ਼ੁਦਾਈ ਦੇ ਚੱਲਦਿਆਂ ਇਨ੍ਹਾਂ ਦਾ ਕੁਲ ਰਕਬਾ 5 ਏਕੜ ਤੋਂ ਵੀ ਘੱਟ ਅਤੇ ਉਚਾਈ ਸਿਰਫ਼ 30-32 ਫੁੱਟ ਦੇ ਲਗਭਗ ਹੀ ਰਹਿ ਗਈ ਹੈ | ਇਨ੍ਹਾਂ ਥੇਹਾਂ 'ਤੇ ਲਗਭਗ 20 ਫੁੱਟ ਦੀ ਉਚਾਈ 'ਤੇ ਮਿੱਟੀ ਦੀ ਪਰਤ ਹੇਠੋਂ ਵੱਖਰੀ ਤਰ੍ਹਾਂ ਦੇ ਪੁਰਾਤਨ ਖੰਭੇ ਵੀ ਮਿਲੇ ਹਨ | ਇਹ ਵੀ ਜਾਣਕਾਰੀ ਮਿਲੀ ਹੈ ਕਿ ਭੂਮੀ ਮਾਫ਼ੀਆ ਦੁਆਰਾ ਉਕਤ ਥੇਹਾਂ ਦੇ ਬਾਕੀ ਬਚੇ ਹਿੱਸੇ ਨੂੰ ਵੀ ਜ਼ਮੀਨਦੋਜ਼ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ | ਇਸ ਖ਼ੁਦਾਈ ਨੂੰ ਰੋਕਣ ਲਈ ਪੁਰਾਤਤਵ ਵਿਭਾਗ ਦੁਆਰਾ ਲੰਬਾ ਸਮਾਂ ਪਹਿਲਾਂ ਥੇਹਾਂ ਦੇ ਕੋਲ ਹੀ ਇਕ ਚਿਤਾਵਨੀ ਬੋਰਡ ਵੀ ਲਗਾਇਆ ਗਿਆ ਸੀ, ਜੋ ਜਲਦੀ ਬਾਅਦ ਭੂਮੀ ਮਾਫ਼ੀਆ ਦੁਆਰਾ ਗ਼ਾਇਬ ਕਰ ਦਿੱਤਾ ਗਿਆ | ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਇਸ ਸਥਾਨ ਦਾ ਅਸਲ ਨਾਂਅ ਹਰਸਾ ਚਾਈਨਾ ਭਾਵ ਰਾਜਾ ਹਰਸ਼ ਵਰਧਨ ਦਾ ਚਾਈਨਾ ਸੀ, ਜੋ ਕਿ ਸਮੇਂ ਦੇ ਨਾਲ ਵਿਗੜ ਕੇ ਹਰਸਾ ਛੀਨਾ ਬਣ ਗਿਆ | ਪੁਰਾਤਤਵ ਵਿਗਿਆਨੀਆਂ ਅਨੁਸਾਰ ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ 630-635 ਈ. ਦੇ ਦੌਰਾਨ ਇਥੋਂ ਗੁਜ਼ਰਿਆ ਅਤੇ ਉਸ ਨੇ ਆਪਣੇ ਸਫ਼ਰਨਾਮੇ 'ਚ ਇੱਥੇ ਪ੍ਰਸਿੱਧ ਬੋਧੀ ਮੱਠ ਹੋਣ ਦੀ ਪੁਸ਼ਟੀ ਕੀਤੀ, ਜਿਸ ਦੀ ਉਸਾਰੀ 'ਚ ਸੋਨੇ ਦੀਆਂ ਇੱਟਾਂ ਲਗਾਈਆਂ ਜਾ ਰਹੀਆਂ ਸਨ | ਪੁਰਾਤਤਵ ਵਿਗਿਆਨੀ ਅਲੈਗਜ਼ੈਂਡਰ ਕਨਿੰਘਮ ਨੇ ਵੀ ਆਪਣੀ ਪੁਸਤਕ 'ਰਿਪੋਰਟ ਆਫ਼ ਏ ਟੂਰ ਈਨ ਦੀ ਪੰਜਾਬ' 'ਚ ਇਸ ਇਲਾਕੇ ਨੂੰ 'ਚਾਈਨਾ-ਪੱਟੀ' ਦਾ ਨਾਂਅ ਦਿੰਦਿਆਂ ਇਨ੍ਹਾਂ ਥੇਹਾਂ ਸੰਬੰਧੀ ਜਾਣਕਾਰੀ ਦਰਜ ਕੀਤੀ ਹੈ |
ਪੁਰਾਤੱਤਵ ਵਿਭਾਗ ਹਜ਼ਾਰਾਂ ਵਰ੍ਹੇ ਪੁਰਾਣੇ ਹਰਸਾ ਛੀਨਾ ਦੇ ਥੇਹਾਂ ਦੀ ਸੰਭਾਲ ਨੂੰ ਲੈ ਕੇ ਹੋਇਆ ਅਵੇਸਲਾ <br/>
ਅਜੀਤ ਡੈਸਕ
24-04-2026