ਅੰਮਿ੍ਤਸਰ, 23 ਅਪ੍ਰੈਲ (ਜਸਵੰਤ ਸਿੰਘ ਜੱਸ)-ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ 'ਹੀਟ ਵੇਵ' ਦੌਰਾਨ ਪੰਜਾਬ ਵਿਚ ਲਾਗੂ 'ਪਾਵਰ ਕੱਟਾਂ' ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਹੈ | 'ਆਪ' ਆਗੂਆਂ 'ਤੇ ਮਾਣਹਾਨੀ ਮਾਮਲੇ ਵਿਚ ਸਥਾਨਕ ਅਦਾਲਤ ਵਿਚ ਪੈਰਵਾਈ ਲਈ ਪੁੱਜੇ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਬਿਜਲੀ ਸਰਪਲੱਸ ਵਾਲਾ ਸੂਬਾ ਸੀ | ਉਸ ਵੇਲੇ ਕਿਸਾਨਾਂ, ਉਦਯੋਗਾਂ ਅਤੇ ਘਰੇਲੂ ਖਪਤਕਾਰਾਂ ਨੂੰ ਲਗਾਤਾਰ ਬਿਜਲੀ ਸਪਲਾਈ ਮਿਲਦੀ ਸੀ | ਪਰ ਪਿਛਲੇ ਕੁਝ ਸਾਲਾਂ ਵਿਚ ਹਾਲਾਤ ਬਦਲ ਗਏ ਹਨ | ਉਨ੍ਹਾਂ ਇਹ ਦੀ ਦੋਸ਼ ਲਾਇਆ ਕਿ ਮੁੱਖ ਮੰਤਰੀ ਖੁਦ ਠੰਢੇ ਮੁਲਕ ਵਿਚ ਗਏ ਹੋਏ ਹਨ, ਪਰ ਪੰਜਾਬ ਦੇ ਲੋਕ ਗਰਮੀ ਵਿਚ ਬਿਜਲੀ ਕੱਟਾਂ ਦਾ ਸ਼ਿਕਾਰ ਹੋ ਰਹੇ ਹਨ | ਲਾਰੈਂਸ ਬਿਸ਼ਨੋਈ 'ਤੇ ਬਣ ਰਹੀ ਦਸਤਾਵੇਜ਼ੀ ਫ਼ਿਲਮ ਸੀਰੀਜ਼ ਬਾਰੇ ਮਜੀਠੀਆ ਨੇ ਕਿਹਾ ਕਿ ਜੇਕਰ ਕਿਸੇ ਅਪਰਾਧੀ ਨੂੰ ਹੀਰੋ ਵਜੋਂ ਪੇਸ਼ ਕੀਤਾ ਜਾਂਦਾ ਹੈ ਤਾਂ ਇਹ ਗਲਤ ਹੈ | ਇਸ ਮੌਕੇ ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਐਡਵੋਕੇਟ ਪ੍ਰਦੀਪ ਸੈਣੀ ਅਤੇ ਸੁਰਜੀਤ ਸਿੰਘ ਸਮੇਤ ਅਕਾਲੀ ਆਗੂ ਵੀ ਹਾਜ਼ਰ ਸਨ |
ਮਜੀਠੀਆ ਨੇ ਕਹਿਰ ਦੀ ਗਰਮੀ ਦੌਰਾਨ ਬਿਜਲੀ ਕੱਟਾਂ ਨੂੰ ਲੈ ਕੇ ਘੇਰੀ 'ਆਪ' ਸਰਕਾਰ
ਅਜੀਤ ਡੈਸਕ
24-04-2026