10 ਫ਼ੀਸਦੀ ਉਤਪਾਦਨ ਘਟਣ ਦੇ ਆਸਾਰ
ਬਠਿੰਡਾ, 23 ਅਪ੍ਰੈਲ (ਵੀਰਪਾਲ ਸਿੰਘ)-ਪੰਜਾਬ 'ਚ ਕਣਕ ਦੀ ਵਾਢੀ ਦਾ ਕੰਮ ਪੂਰਨ ਤੌਰ 'ਤੇ ਨਿੱਬੜ ਗਿਆ ਹੈ। ਸਰਕਾਰ ਵਲੋਂ ਅੱਜ ਤੱਕ 70 ਲੱਖ ਟਨ ਦੇ ਕਰੀਬ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਪੰਜਾਬ ਵਿਚ ਚਾਲੂ ਵਰ੍ਹੇ ਵਿਚ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਗਈ ਸੀ। ਪੰਜਾਬ ਸਰਕਾਰ ਵਲੋਂ ਚਾਲੂ ਸੀਜ਼ਨ ਵਿਚ 122 ਲੱਖ ਮੀਟਰਿਕ ਟਨ ਕਣਕ ਖ਼ਰੀਦਣ ਦਾ ਟੀਚਾ ਮਿੱਥਿਆ ਗਿਆ ਹੈ। ਪੰਜਾਬ 'ਚ ਮੌਸਮ ਦੀ ਮਾਰ ਨਾਲ ਡੇਢ ਲੱਖ ਏਕੜ ਕਣਕ ਦੇ ਖੇਤ ਪ੍ਰਭਾਵਿਤ ਹੋਏ ਹਨ, ਜਿਸ ਵਿਚ 30,000 ਏਕੜ ਤੋਂ ਵੱਧ ਰਕਬੇ ਵਿਚ 75 ਫ਼ੀਸਦੀ ਤੋਂ 100 ਫ਼ੀਸਦੀ ਰਕਬੇ 'ਚ ਕਣਕ ਖ਼ਰਾਬ ਹੋਈ ਹੈ। ਇਸ ਤਰ੍ਹਾਂ 61000 ਏਕੜ ਰਕਬੇ ਵਿਚ 30 ਤੋਂ 75 ਫ਼ੀਸਦੀ ਕਣਕ ਦੀ ਫ਼ਸਲ ਖ਼ਰਾਬ ਹੋ ਚੁੱਕੀ ਹੈ। ਮਾਲਵੇ ਖੇਤਰ ਦੇ ਸੱਤ ਜ਼ਿਲ੍ਹਿਆਂ ਵਿਚ ਕਣਕ ਦੀ ਖ਼ਰਾਬੀ ਸਭ ਤੋਂ ਵੱਧ ਹੋਈ ਹੈ, ਪੰਜਾਬ ਦੇ ਪ੍ਰਭਾਵਿਤ ਜ਼ਿਲ੍ਹਿਆਂ ਵਿਚੋਂ 110 ਦੇ ਕਰੀਬ ਪਿੰਡਾਂ 'ਚ ਕਣਕ ਦੀ ਖੇਤੀ ਜ਼ਿਆਦਾ ਪ੍ਰਭਾਵਿਤ ਹੋਈ ਹੈ। ਕਣਕ ਦੇ ਖ਼ਰਾਬੇ ਕਾਰਨ 10 ਤੋਂ 20 ਫ਼ੀਸਦੀ ਉਤਪਾਦਨ ਘੱਟਣ ਦੇ ਅਸਾਰ ਹਨ, ਜਿਸ ਨਾਲ ਪੰਜਾਬ ਸਰਕਾਰ ਵਲੋਂ ਕਣਕ ਖ਼ਰੀਦ ਦੇ ਮਿੱਥੇ ਹੋਏ ਟੀਚੇ ਦੇ ਅੰਕੜੇ ਛੂਹਣੇ ਆਸਾਨ ਨਹੀਂ ਲੱਗ ਰਹੇ।
ਪੰਜਾਬ 'ਚ ਕਣਕ ਦੀ ਵਾਢੀ ਦਾ ਕੰਮ ਨਿੱਬੜਿਆ
ਅਜੀਤ ਡੈਸਕ
24-04-2026